ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਕੀਤੀ ਸਾਂਝੀ

  • “ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ : ਮਾਂ ਚਰਨ ਕੌਰ
  • ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ : ਮਾਂ ਚਰਨ ਕੌਰ 

ਮਾਨਸਾ, 27 ਫਰਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਉਸਦੇ ਪ੍ਰਸ਼ੰਸ਼ਕ ਉਸਨੂੰ ਯਾਦ ਕਰਕੇ ਅੱਖਾਂ ‘ਚੋ ਆਪਣੇ ਹੰਝੂਆਂ ਨੂੰ ਵਹਿਣ ਤੋਂ ਨਹੀਂ ਰੋਕ ਸਕੇ। ਜਿੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕਰਦੇ ਆ ਰਹੇ ਹਨ, ਉੱਥੇ ਉਸਦੇ ਪ੍ਰਸ਼ੰਸ਼ਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚ ਕੇ ਉਸਦੇ ਮਾਤਾ ਪਿਤਾ ਤੋਂ ਇਨਸਾਫ ਨਾ ਮਿਲਣ ਸਬੰਧੀ ਸਵਾਲ ਜਵਾਬ ਕਰਦੇ ਹਨ, ਜਿਸ ਨੂੰ ਲੈ ਕੇ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਬਹੁਤ ਵੀ ਭਾਵੁਕ ਪੋਸਟ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਨੂੰ ਪੜ੍ਹ ਸਿੱਧੂ ਨੂੰ ਚਾਹੁਣ ਵਾਲਿਆਂ ਦੀ ਅੱਖਾਂ ਨਮ ਹੋ ਗਈਆਂ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ, ਮੈਨੂੰ ਇਹ ਕਾਨੂੰਨ ਨੂੰ ਲਿਖਣ ਵਾਲੇ, ਸਿਰਜਣ ਵਾਲੇ ਤੇ ਮੌਜੂਦਾ ਸਿਆਸਤਦਾਨ ਇਹ ਤਾਂ ਦੱਸ ਦੇਣ ਕਿ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ। ਉਨ੍ਹਾਂ ਦੇ ਚੱਲਦੇ ਸਾਹ ਮੈਨੂੰ ਘੜੀ-ਘੜੀ ਮੇਰੇ ਕੋਰੇ ਕਾਗਜ਼ ਜਿਹੇ ਜ਼ਮੀਰ ਵਾਲੇ ਪੁੱਤਰ ਦੀਆਂ ਆਖ਼ਰੀ ਧਾਹਾਂ ਯਾਦ ਕਰਾਉਂਦੇ ਰਹਿੰਦੇ ਆ ਸ਼ੁੱਭ। ਮੈਂ ਆਪਣੇ ਪੁੱਤਰ ਦੀਆਂ ਧਾਹਾਂ ਨੂੰ ਆਪਣੇ ਸਾਹਾਂ ਦੇ ਅਖ਼ਰੀਲੇ ਚੱਕਰ ਤੱਕ ਯਾਦ ਰੱਖਾਂਗੀ ਤੇ ਸਾਡਾ ਜਹਾਨ ਉਜਾੜਨ ਵਾਲਿਆਂ ਦੇ ਘਟੀਆਂ ਚਿਹਰੇ ਜੱਗ ਜਾਹਰ ਕਰਾਂਗੀ, ਬੇਸ਼ੱਕ ਕੋਈ ਮੇਰਾ ਸਮਰਥਨ ਕਰੇ ਜਾਂ ਨਾ।” ਇਸ ਤੋਂ ਇਲਾਵਾ ਚਰਨ ਕੌਰ ਨੇ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਖਿਆ,”ਜਿਉਂ ਜਿਉਂ ਦਿਨ ਗੁਜ਼ਰ ਰਹੇ ਨੇ ਮੇਰਾ ਵਿਸ਼ਵਾਸ ਅਕਾਲ ਪੁਰਖ ਦੀ ਸਿਰਜੀ ਹੋਈ ਇਸ ਦੁਨੀਆ ਤੋਂ ਉੱਠ ਰਿਹਾ ਹੈ ਸ਼ੁੱਭ। ਸਿਰਫ਼ ਇਸ ਲਈ ਕਿ ਤੇਰਾ ਸੱਚ ਬੋਲਣਾ ਉਨ੍ਹਾਂ ਦੇ ਝੂਠੇ ਮਹਿਲਾਂ ਦੀ ਨੀਹਾਂ ਵਿੱਚ ਪਾਣੀ ਪਾ ਰਿਹਾ ਸੀ। ਉਨ੍ਹਾਂ ਨੇ ਤੈਨੂੰ ਸਾਥੋਂ ਖੋਹ ਲਿਆ। ਸਿਰਫ਼ ਇਸ ਲਈ ਕਿਉਂਕਿ ਤੇਰੀ ਕਲਮ ਇਤਿਹਾਸ ਰਚਣ ਦੇ ਨਾਲ-ਨਾਲ ਜੱਗ ਤੇ ਛਾਪ ਛੱਡ ਰਹੀ ਸੀ। ਇਸ ਲਈ ਕਿ ਪੁੱਤ ਤੇਰਾ ਉਨ੍ਹਾਂ ਸਭ ਨਾਲ ਉਨ੍ਹਾਂ ਵਰਗਾ ਹੋ ਕੇ ਮਿਲਣਾ, ਇਹ ਸਭ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਕਿਉਂ ਇਹ ਸਾਨੂੰ ਅਜ਼ਮਾ ਰਹੇ ਆ ? ਪੁੱਤ ਤੇਰੀ ਘਾਟ ਦਾ ਅਹਿਸਾਸ ਮੈਂ ਕਿਵੇਂ ਇਨ੍ਹਾ ਮੂਹਰੇ ਜ਼ਾਹਰ ਕਰਾਂ।”