ਪੀ.ਏ.ਯੂ ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ

ਲੁਧਿਆਣਾ, 4 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਰਿਵਿਊ ਮੀਟਿੰਗ ਹੋਈ। ਇਸ ਮੀਟਿੰਗ  ਦੌਰਾਨ ਪੀ.ਏ.ਯੂ. ਦੇ ਖੋਜ ਅਤੇ ਪਸਾਰ ਕਾਰਜਾਂ ਦੀ ਪੜਚੋਲ ਕੀਤੀ ਗਈ। ਨਾਲ ਹੀ ਚਲੰਤ ਖੇਤੀ ਮਸਲਿਆਂ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ। ਮੀਟਿੰਗ ਵਿੱਚ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਤੋਂ ਬਿਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰ ਮੌਜੂਦ ਸਨ । ਇਸ ਮੌਕੇ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨੀ ਕਾਰਜਾਂ ਨੂੰ ਅਧਾਰ ਬਣਾ ਕੇ ਆਪਣੀ ਖੋਜ ਦੀ ਵਿਉਂਤਬੰਦੀ ਕਰ ਰਹੀ ਹੈ।  ਉਹਨਾਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਕਿਸਾਨਾਂ ਅਤੇ ਸਰਕਾਰ ਵਿਚਕਾਰ ਸਿੱਧੇ ਵਰਤਾਲਾਪ ਲਈ ਯੂਨੀਵਰਸਿਟੀ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਪਸਾਰ ਵਿਗਿਆਨੀਆਂ ਨੂੰ ਕਿਸਾਨਾਂ ਦੀਆਂ ਖੇਤ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਮੁਹੱਈਆ ਕਰਵਾਉਣ, ਉਨ੍ਹਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਸਥਿਰ ਬਨਾਉਣ ਲਈ ਆਪਣੇ ਯਤਨਾਂ ਨੂੰ ਤੇਜ ਕਰਨ ਦੀ ਲੋੜ ਹੈ। ਉਹਨਾਂ ਨੇ ਮਾਹਿਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਖੇਤੀਬਾੜੀ ਨੂੰ ਲਾਭਕਾਰੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਫਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਹੋਰ ਮਿਆਰੀ ਬੂਟੇ ਮੁਹੱਈਆ ਕਰਾਉਣ ਲਈ ਵਿਸ਼ੇਸ਼ ਤੌਰ ਤੇ ਵਚਨਬੱਧ ਹੈ । ਖੋਜ ਨਿਰਦੇਸਕ ਡਾ. ਅਜਮੇਰ ਸਿੰਘ ਢੱਟ ਨੇ ਨਰਮੇ ਦੀ ਗੁਲਾਬੀ ਸੁੰਡੀ ਅਤੇ ਪਰਾਲੀ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ। ਪਸਾਰ ਸਿੱਖਿਆ ਦੇ ਵਧੀਕ ਨਿਰਦੇਸਕ ਡਾ. ਜੀ.ਐਸ.ਬੁੱਟਰ ਨੇ ਪਸਾਰ ਕੌਂਸਲ ਦੀ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੇਸ ਕੀਤੀ। ਇਸ ਮੌਕੇ ਨਰਮੇ ਦੀਆਂ ਸੁੰਡੀਆਂ ਦੀ ਬੇਮੌਸਮੀ ਰੋਕਥਾਮ ਤੋਂ ਇਲਾਵਾ ਬਹਾਰ ਰੁੱਤ ਦੀ ਮੱਕੀ ਲਈ ਪਾਣੀ ਦੀ ਖਪਤ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਦੇ ਨਾਲ-ਨਾਲ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵਿਚਾਰ-ਚਰਚਾ ਹੋਈ।  ਨਾਲ ਹੀ ਕਣਕ ਦੀ ਫਸਲ ਵਿੱਚ ਕੁੰਗੀਆਂ ਅਤੇ ਅਮਰੂਦਾਂ ਦੇ ਬਾਗਾਂ ਵਿੱਚ ਨਿਮਾਟੋਡ ਦੀ ਸਮੱਸਿਆ ਬਾਰੇ ਮਾਹਿਰਾਂ ਨੇ ਨਿੱਠ ਕੇ ਵਿਚਾਰ-ਚਰਚਾ ਕੀਤਾ। ਡਾ. ਜੀ ਪੀ ਐਸ ਸੋਢੀ ਵਧੀਕ ਨਿਰਦੇਸਕ ਪਸਾਰ ਸਿੱਖਿਆ ਨੇ ਸਭ ਦਾ ਸਵਾਗਤ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਹੇ।