ਪੀਏਯੂ ਵਿਖੇ ਖੋਜ ਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਵਿਚਾਰਾਂ ਹੋਈਆਂ

ਲੁਧਿਆਣਾ 3 ਅਪ੍ਰੈਲ : ਪੀ ਏ ਯੂ ਦੇ ਡਾ ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਚ ਅੱਜ ਖੋਜ ਤੇ ਪਸਾਰ ਮਾਹਿਰਾਂ ਦੀ ਮਾਸਿਕ ਇਕੱਤਰਤਾ ਹੋਈ। ਇਸ ਵਿਚ ਆਉਂਦੇ ਦਿਨੀਂ ਕਣਕ ਦੀ ਵਾਢੀ ਅਤੇ ਝੋਨੇ ਦੀ ਕਾਸ਼ਤ ਦੇ ਮੱਦੇਨਜ਼ਰ ਖੇਤੀ ਸਰੋਕਾਰਾਂ ਬਾਰੇ ਵਿਚਾਰਾਂ ਹੋਈਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ ਨੇ ਪਸਾਰ ਕਰਮੀਆਂ ਨੂੰ ਕਿਸਾਨਾਂ ਦੇ ਮਸਲਿਆਂ ਲਈ ਪਹੁੰਚ ਕਰਨ ਦਾ ਸੱਦਾ ਦਿੱਤਾ। ਡਾ: ਗੋਸਲ ਨੇ ਪਾਣੀ ਦੇ ਘੱਟ ਰਹੇ ਸਰੋਤਾਂ, ਵਧ ਰਹੇ ਪ੍ਰਦੂਸ਼ਣ ਦੇ ਪੱਧਰ, ਮੌਸਮ ਦੇ ਉਤਰਾਅ-ਚੜ੍ਹਾਅ ਅਤੇ ਘਟਦੇ ਵਿੱਤੀ ਸਰੋਤਾਂ ਦੇ ਮੁੱਦਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।  ਉਨ੍ਹਾਂ ਨੇ ਵਿਗਿਆਨੀਆਂ ਨੂੰ ਹਰ ਚੁਣੌਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਅਤੇ ਘੱਟ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਪ੍ਰਸਾਰ ਲਈ ਡਟ ਕੇ ਸੁਨੇਹਾ ਦੇਣ ਲਈ ਪ੍ਰੇਰਿਤ ਕੀਤਾ। ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਨਰਮੇ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਬੇਮੌਸਮੇ ਯਤਨ ਕਰਨੇ ਜ਼ਰੂਰੀ ਹਨ। ਉਨ੍ਹਾਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਘੱਟ ਪਾਣੀ ਖਪਤ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਵਧਾਵਾ ਦੇਣ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ , ਮੱਕੀ ਵਿੱਚ ਫ਼ਾਲ ਆਰਮੀਵਰਮ ਦੀ ਰੋਕਥਾਮ ਆਦਿ ਮਸਲਿਆਂ ਬਾਰੇ ਯੂਨੀਵਰਸਿਟੀ ਦੀਆਂ ਖੋਜ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਖੋਜ ਅਤੇ ਪਸਾਰ ਵਿਗਿਆਨੀਆਂ ਦਾ ਸੁਆਗਤ ਕਰਦੇ ਹੋਏ ਖੇਤੀ ਮਸਲਿਆਂ ਦੇ ਸਮੇਂ ਸਿਰ ਹੱਲ ਲਈ ਬਾਹਰੀ ਕੇਂਦਰਾਂ ਦੇ ਕਰਮੀਆਂ ਨੂੰ ਉੱਚ ਅਧਿਕਾਰੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਹਾਜ਼ਰ ਰਹਿਣ ਦੀ ਅਪੀਲ ਕੀਤੀ। ਡਾ: ਜੀਪੀਐਸ ਸੋਢੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਸਭ ਦਾ ਧੰਨਵਾਦ ਕੀਤਾ।  ਇਸ ਮੌਕੇ ਡਾ: ਜਗਦੀਸ਼ ਗਰੋਵਰ, ਪ੍ਰੋਫੈਸਰ, ਖੇਤਰੀ ਖੋਜ ਸਟੇਸ਼ਨ, ਬਠਿੰਡਾ ਨੂੰ ਸੇਵਾ-ਮੁਕਤ ਹੋਣ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ।