ਓਪਰੇਸ਼ਨ ਵਾਈਟ ਫਲੱਡ ਚਲਾਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣੇਗਾ ਮੋਗਾ

  • ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਵਧਾਉਣ ਤੋਂ ਇਲਾਵਾ ਗੁਣਵੱਤਾ ਵਿੱਚ ਵੀ ਕੀਤਾ ਜਾਵੇਗਾ ਸੁਧਾਰ
  • ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਵਿਲੱਖਣ ਤਰ੍ਹਾਂ ਦੇ ਕੈਂਪ ਹੋਣਗੇ ਆਯੋਜਿਤ-ਡਿਪਟੀ ਕਮਿਸ਼ਨਰ

ਮੋਗਾ, 31 ਮਈ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਉਦਯੋਗ ਕੇਂਦਰ ਦੇ ਸਹਿਯੋਗ ਨਾਲ ਮੋਗਾ ਵਿਖੇ ਇੱਕ ਤਰ੍ਹਾਂ ਦਾ ਵਿਲੱਖਣ ਲੋਕ ਪੱਖੀ ਓਪਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸਦਾ ਨਾਮ ਹੈ ''ਓਪਰੇਸ਼ਨ ਵਾਈਟ ਫਲੱਡ''। ''ਓਪਰੇਸ਼ਨ ਵਾਈਟ ਫਲੱਡ'' ਦਾ ਮੁੱਖ ਮਨੋਰਥ ਜ਼ਿਲ੍ਹਾ ਮੋਗਾ ਵਿੱਚ ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਤੱਕ ਵਧਾ ਕੇ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਕਰਨਾ ਹੈ।ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਾਈਟ ਫਲੱਡ ਓਪਰੇਸ਼ਨ ਨੂੰ ਸ਼ੁਰੂ ਕਰਨ ਵਾਲਾ ਮੋਗਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਟਾਕਹੋਲਡਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀ ਸੁਭਾਸ਼ ਚੰਦਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਸੁਖਮਿੰਦਰ ਸਿੰਘ ਰੇਖੀ, ਡੇਅਰੀ ਵਿਭਾਗ, ਪਸੂ ਪਾਲਣ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਵੀ ਹਾਜ਼ਰ ਸਨ। ਜ਼ਿਲ੍ਹਾ ਵਿੱਚ ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਤੱਕ ਵਧਾਉਣ ਲਈ ''ਓਪਰੇਸ਼ਨ ਵਾਈਟ ਫਲੱਡ'' ਜਰੀਏ ਵੱਡੀ ਗਿਣਤੀ ਵਿੱਚ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਜਿਸ ਵਿੱਚ ਪੰਜਾਬ ਸਰਕਾਰ, ਕੇਂਦਰ ਸਰਕਾਰ ਦੀਆਂ ਪਸ਼ੂ ਪਾਲਣ ਅਤੇ ਖੇਤੀਬਾੜੀ ਧੰਦੇ ਲਈ ਸਹਾਈ ਸਕੀਮਾਂ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਕਿਉਂਕਿ ਵੇਖਣ ਵਿੱਚ ਇਹ ਆਇਆ ਹੈ ਕਿ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਪਸ਼ੂ ਪਾਲਣ ਦੇ ਧੰਦੇ ਵਿੱਚ ਆਰਥਿਕ ਸਹਾਇਤਾ ਦੇਣ ਵਾਲੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਨਹੀਂ ਹੈ। ਇਨ੍ਹਾਂ ਜਾਗਰੂਕਤਾ ਕੈਂਪਾਂ ਨੂੰ ਇਸ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ ਕਿ ਕਿਸਾਨ ਜਾਂ ਲਾਭ ਲੈਣ ਵਾਲੇ ਵਿਅਕਤੀ ਨੂੰ ਸਿਰਫ ਇੱਕੋ ਸਥਾਨ ਉੱਪਰ ਹੀ ਆਪਣੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਮਿਲ ਸਕਣਗੇ ਜਿਵੇਂ ਕਿ ਉਹ ਕਿਹੜੀ ਸਕੀਮ ਤਹਿਤ ਆਪਣੇ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁਲਿੱਤ ਕਰਨ ਲਈ ਆਰਥਿਕ ਸਹਾਇਤਾ ਪ੍ਰਾਪਤ ਕਰਨਾ ਚਹੁੰਦਾ ਹੈ ਅਤੇ ਜਿਹੜੀ ਸਕੀਮ ਵਿੱਚ ਉਹ ਜਾਣਾ ਚਹੁੰਦਾ ਹੈ ਬੈਂਕਾਂ ਦੇ ਪ੍ਰਤੀਨਿਧੀ ਅਤੇ ਹੋਰ ਵੀ ਸਬੰਧਤ ਵਿਭਾਗ ਉਸੇ ਕੈਂਪ ਵਿੱਚ ਹੀ ਕਿਸਾਨ ਜਾਂ ਲਾਭਪਾਤਰੀ ਦੀ ਸਹਾਇਤਾ ਕਰਨਗੇ। ਪਿੰਡਾਂ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਅਤੇ ਦੁੱਧ ਦੇ ਧੰਦੇ ਉੱਪਰ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਪ੍ਰੰਤੂ ਵੇਖਣ ਵਿੱਚ ਇਹ ਆਇਆ ਹੈ ਕਿ ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਾਰਣ ਹੀ ਲੋਕ ਦੁੱਧ ਦੇ ਸਹਾਇਕ ਧੰਦੇ ਨੂੰ ਛੱਡ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ''ਓਪਰੇਸ਼ਨ ਵਾਈਟ ਫਲੱਡ'' ਦੁੱਧ ਦੀ ਪੈਦਾਵਾਰ ਵਧਾਉਣ ਤੋਂ ਇਲਾਵਾ ਦੁੱਧ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰੇਗਾ।