ਐਮ.ਐਲ.ਏ ਸੇਖੋਂ ਨੇ ਵਿਧਾਨ ਸਭਾ ਵਿੱਚ ਫਲਾਇੰਗ ਕਲੱਬ ਦਾ ਚੁੱਕਿਆ ਮੁੱਦਾ

ਫ਼ਰੀਦਕੋਟ 11 ਮਾਰਚ : ਭਾਰਤ ਵਿੱਚ ਆਉਣ  ਵਾਲੇ ਸਾਲਾਂ ਦੌਰਾਨ ਏਵੀਏਸ਼ਨ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਨੌਕਰੀਆਂ ਦੇ ਮੱਦੇਨਜ਼ਰ ਫ਼ਰੀਦਕੋਟ ਦੇ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਵਿੱਚ ਫਲਾਇੰਗ ਕਲੱਬ ਖੋਲਣ ਦਾ ਮੁੱਦਾ ਚੁੱਕਿਆ। ਇਸ ਸਬੰਧੀ ਬੋਲਦਿਆਂ ਸ. ਸੇਖੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਹਵਾਈ ਜਹਾਜ਼ਾਂ ਦੀ ਖਰੀਦ ਦੇ ਮੱਦੇਨਜ਼ਰ ਏਵੀਏਸ਼ਨ ਇੰਡਸਟਰੀ ਵਿੱਚ ਬੂਮ (ਪ੍ਰਫੁਲਿੱਤ) ਹੋਣ ਵਾਲਾ ਹੈ।
ਇਸ ਖੇਤਰ ਦੇ ਮਾਹਿਰਾਂ ਨੇ ਦੱਸਿਆ ਕਿ ਭਾਰਤ ਦੀਆਂ ਵੱਡੀਆਂ ਏਅਰਲਾਈਨ ਕੰਪਨੀਆਂ ਵਲੋਂ ਆਉਣ ਵਾਲੇ ਸਾਲਾਂ ਵਿੱਚ 1000 ਜੈਟ ਹਵਾਈ ਜਹਾਜ ਖਰੀਦਣ ਦੀ ਤਜਵੀਜ ਹੈ। ਉਨ੍ਹਾਂ ਦੱਸਿਆ ਕਿ ਹਾਰਟਸ ਫੀਲਡ ਜੈਕਸਨ ਅਟਲਾਂਟਾ ਅੰਤਰ ਰਾਸ਼ਟਰੀ ਹਵਾਈ ਅੱਡਾ ਅਮਰੀਕਾ ਤੋਂ ਬਾਅਦ ਦਿੱਲੀ ਵਿਖੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦਾ ਦੂਸਰਾ ਸਭ ਤੋਂ ਵੱਧ ਰੁਝੇਵੇ ਵਾਲਾ ਏਅਰਪੋਰਟ ਬਣਨ ਜਾ ਰਿਹਾ ਹੈ। ਐਮ.ਐਲ.ਏ ਸੇਖੋਂ ਨੇ ਦੱਸਿਆ ਕਿ ਇੱਕ ਅਨੁਮਾਨ ਮੁਤਾਬਿਕ ਭਾਰਤ ਦੀ 3 ਪ੍ਰਤੀਸ਼ਤ ਆਬਾਦੀ ਹਵਾਈ ਜਹਾਜ ਰਾਹੀਂ ਹੀ ਸਫਰ ਕਰ ਰਹੀ ਹੈ ਤੇ ਇਸ ਪ੍ਰਤੀਸਸ਼ਤਾ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹੋਰ ਵਾਧਾ ਦਰਜ ਕੀਤਾ ਜਾਣਾ ਹੈ। ਇਨ੍ਹਾਂ ਗੱਲਾਂ ਦੇ ਚੱਲਦਿਆਂ ਐਮ.ਐਲ.ਏ. ਸੇਖੋਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਕੁਝ ਸਮਾਂ ਪਹਿਲਾਂ ਫਲਾਇੰਗ ਕਲੱਬ ਵਾਸਤੇ ਵਿੱਢਿਆ ਗਿਆ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਤਕਰੀਬਨ 103 ਏਕੜ ਜਮੀਨ ਲੈਣ ਲਈ ਮੰਜ਼ੂਰੀ ਦਿੱਤੀ ਗਈ ਸੀ। ਪਰ ਇਹ ਮਾਮਲਾ ਤਕਨੀਕੀ ਕਾਰਨਾਂ ਕਰਕੇ ਸਿਰੇ ਨਹੀਂ ਸੀ ਚੜ ਸਕਿਆ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਮੁਹਾਰਤ ਹਾਸਲ ਕਰਵਾਉਣ ਲਈ ਹਰ ਹੀਲੇ ਇਸ ਕਲੱਬ ਦੀ ਸ਼ੁਰੂਆਤ ਕਰਵਾਈ ਜਾਵੇ ਤਾਂ ਜੋ ਇਥੋਂ ਦੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਫੁੱਲਿਤ ਹੋ ਰਹੀ ਇੰਡਸਟਰੀ ਦਾ ਵੱਧ ਤੋਂ ਵੱਧ ਲਾਹਾ ਖੱਟ ਸਕਣ।