ਵਿਧਾਇਕ ਸੇਖੋਂ ਨੇ ਪਿੰਡ ਮੁਮਾਰਾ ਵਿਖੇ ਖੇਤੀ ਸਿੰਜਾਈ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

  • ਇੱਕ ਛੱਪੜ ਤੋਂ 33 ਏਕੜ ਵਾਹੀਯੋਗ ਰਕਬੇ ਨੂੰ ਸਿੰਜਾਈਯੋਗ ਪਾਣੀ ਦਿੱਤਾ ਜਾ ਸਕੇਗਾ

ਫ਼ਰੀਦਕੋਟ 18 ਦਸੰਬਰ : ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਿੰਡ ਮੁਮਾਰਾ ਵਿਖੇ ਛੱਪੜ ਦੇ ਪਾਣੀ ਨਾਲ ਜ਼ਮੀਨਦੋਜ ਨਾਲੀਆਂ ਰਾਹੀਂ ਖੇਤੀ ਸਿੰਜਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਅਤੇ ਭੂਮੀ ਅਤੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਉਸ ਦੀ ਸੰਭਾਲ ਲਈ ਇਸ ਖੇਤੀ ਸਿੰਜਾਈ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ 160 ਮਿ.ਮੀ ਵਿਆਸ ਦੀ 794 ਮੀਟਰ ਪੀ.ਵੀ.ਸੀ ਪਾਈਪ ਲਾਈਨ ਸਿੰਜਾਈ ਹਿੱਤ ਵਿਛਾਉਣ ਦੀ ਤਜਵੀਜ ਹੈ ਜਿਸ ਨਾਲ ਸੋਲਰ ਨਾਲ ਲਿਫਟ ਕਰਕੇ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਛੱਪੜ ਤੋਂ 33 ਏਕੜ ਵਾਹੀਯੋਗ ਰਕਬੇ ਨੂੰ ਸਿੰਜਾਈਯੋਗ ਪਾਣੀ ਦਿੱਤਾ ਜਾ ਸਕੇਗਾ । ਉਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਆਮ ਹੀ ਵੇਖਿਆ ਜਾਂਦਾ ਹੈ ਕਿ ਛੱਪੜਾਂ ਵਿੱਚ ਪਾਣੀ ਇਕੱਤਰ ਹੋ ਜਾਂਦਾ ਹੈ ਜੋ ਕਿ ਲੰਮਾ ਸਮਾਂ ਪੈ ਕੇ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅਜਿਹਾ ਪਾਣੀ ਜਿੱਥੇ ਬਿਮਾਰੀਆਂ ਨੂੰ ਨਿਉਤਾ ਦਿੰਦਾ ਹੈ ਉੱਥੇ ਨਾਲ ਹੀ ਪਿੰਡ ਦੀ ਦਿੱਖ ਨੂੰ ਵੀ ਖਰਾਬ ਕਰਦਾ ਹੈ। ਸ. ਸੇਖੋ ਨੇ ਦੱਸਿਆ ਕਿ ਇਹ ਪ੍ਰੋਜੈਕਟ ਫਰੀਦਕੋਟ ਹਲਕੇ ਦਾ ਪਹਿਲਾ ਪ੍ਰੋਜੈਕਟ ਹੈ ਜਦ ਕਿ ਕੋਟਕਪੂਰਾ ਵਿੱਚ ਅਜਿਹੇ ਚਾਰ ਪ੍ਰੋਜੈਕਟ ਪਹਿਲਾਂ ਹੀ ਚੱਲ ਰਹੇ ਹਨ। ਉਹਨਾਂ ਦੱਸਿਆ ਕਿ 8 ਲੱਖ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਕਿਸਾਨਾਂ ਦੀ ਫਸਲ ਲਈ ਲਾਹੇਵੰਦ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਇਸ ਪਾਣੀ ਦੇ ਇਸਤੇਮਾਲ ਨਾਲ ਖੇਤਾਂ ਦੀ ਮਿੱਟੀ ਵਿੱਚ ਪੈਣ ਵਾਲੇ ਫਰਟੀਲਾਈਜ਼ਰ ਦੀ ਘੱਟ ਵਰਤੋ ਹੋਵੇਗੀ। ਜਿਸ ਨਾਲ ਕਿਸਾਨਾਂ ਦਾ ਆਰਥਿਕ ਬੋਝ ਘਟੇਗਾ। ਉਨ੍ਹਾਂ ਕਿਹਾ ਕਿ ਕਣਕਾਂ ਦੀ ਵਾਢੀ ਸਮੇਂ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਸੋਲਰ ਮੋਟਰ ਚਲਾ ਕੇ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਜਿਆਦਾ ਸਮਾਂ ਖੜ੍ਹੇ ਰਹਿਣ ਕਰਕੇ ਬਿਮਾਰੀਆਂ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਸਾਫ ਸਫਾਈ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਸ ਪਾਣੀ ਦੀ ਵਰਤੋਂ ਕਰਕੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਛੱਪੜ ਦਾ ਇੱਕ ਪਾਣੀ ਅਤੇ ਦੋ ਪਾਣੀ ਨਹਿਰਾਂ ਜਾਂ ਮੋਟਰ ਦੇ ਲਗਾਉਣਾ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਤਾਂ ਅਜੇ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰੋਜੈਕਟ ਵੀ ਲਗਾਏ ਜਾਣਗੇ। ਇਸ ਮੌਕੇ ਸ੍ਰੀ ਰਾਜ ਕੁਮਾਰ, ਮੰਡਲ ਭੂਮੀ ਰੱਖਿਆ ਅਫਸਰ ਫਰੀਦਕੋਟ, ਸ੍ਰੀਮਤੀ ਰਾਜਵਿੰਦਰ ਕੌਰ ਉਪ ਮੰਡਲ ਭੂਮੀ ਰੱਖਿਆ ਅਫਸਰ ਫਰੀਦਕੋਟ, ਸ੍ਰੀ ਜਸਪ੍ਰੀਤ ਸਿੰਘ ਧਾਲੀਵਾਲ, ਭੂਮੀ ਰੱਖਿਆ ਅਫਸਰ ਫਰੀਦਕੋਟ-1, ਰਮਨਦੀਪ ਸਿੰਘ ਗਿੱਲ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਸੁਖਪ੍ਰੀਤ ਸਿੰਘ ਸਰਪੰਚ,ਜਸਕਰਨ ਸਿੰਘ ਬਰਾੜ, ਚਰਨਜੀਤ ਸਿੰਘ, ਆਤਮ ਸਿੰਘ ਬਰਾੜ, ਗੁਰਪ੍ਰੀਤ ਸਿੰਘ ਢਿੱਲੋਂ, ਸੁਖਵੀਰ ਸਿੰਘ ਗਿੱਲ ਅਤੇ ਪਿੰਡ ਵਾਸੀ ਹਾਜ਼ਰ ਸਨ।