ਵਿਧਾਇਕ ਸਵਨਾ ਨੇ ਪਿੰਡ ਗੁਲਾਮ ਰਸੂਲ ਵਿਖੇ 32 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

  • ਪਿੰਡ ਵਾਸੀਆਂ ਕੀਤਾ ਵਿਧਾਇਕ ਸਵਨਾ ਦਾ ਧੰਨਵਾਦ

ਫਾਜਿਲਕਾ 8 ਨਵੰਬਰ : ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਗੁਲਾਮ ਰਸੂਲ ਵਿਖ਼ੇ 32 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਅਤੇ ਪਿੰਡ ਦੇ ਵਸਨੀਕ ਮੌਜੂਦ ਸਨ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਬਪੱਖੀ ਵਿਕਾਸ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਸ ਦੇ ਚੱਲਦਿਆਂ ਹੀ ਇਸ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਗੁਲਾਮ ਰਸੂਲ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਦਾ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਵੇਗਾ, ਨੌਜਵਾਨ ਨਾ ਕੇਵਲ ਖੇਡਾਂ ਨਾਲ ਜੁੜਨਗੇ ਬਲਕਿ ਉਹ ਸਰੀਰਕ ਪੱਖੋਂ ਮਜ਼ਬੂਤ ਹੋਣਗੇ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਫਾਜਿਲਕਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਫਾਜਿਲਕਾ ਹਲਕੇ ਦੇ ਲੋਕਾਂ ਨੇ ਜੋ ਉਨਾਂ ਉੱਪਰ ਵਿਸ਼ਵਾਸ ਕੀਤਾ ਹੈ, ਉਹ ਲੋਕਾਂ ਦੇ ਭਰੋਸੇ ਉੱਪਰ ਪੂਰਾ ਉਤਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਫਾਜਿਲਕਾ ਸ਼ਹਿਰ ਅੰਦਰ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਫਾਜ਼ਿਲਕਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਵਿਧਾਇਕ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ, ਸ਼ਰਨਦੀਪ ਸਿੰਘ ਬਹਿਕ ਖਾਸ, ਗੁਲਸ਼ੇਰ ਸਿੰਘ ਸਰਪੰਚ, ਵਰਿੰਦਰ ਸਿੰਘ ਗੁਲਾਮ ਰਸੂਲ, ਸੁਰਿੰਦਰ ਕੰਬੋਜ ਬਲਾਕ ਪ੍ਰਧਾਨ, ਡਾ. ਓਮ ਬਹਿਕ ਖਾਸ, ਮੰਗਤ ਸਿੰਘ ਢਾਣੀ ਮੋਹਣਾ ਰਾਮ, ਗੁਰਪ੍ਰੀਤ ਸਿੰਘ ਬਹਿਕ ਖਾਸ ਆਦਿ ਹਾਜ਼ਰ ਸਨ।