ਵਿਧਾਇਕ ਸਵਨਾ ਖੁਦ ਲੱਗ ਪਏ ਟੁੱਟੀ ਨਹਿਰ ਬਣਵਾਉਣ

ਫਾਜਿ਼ਲਕਾ, 14 ਅਪ੍ਰੈਲ : ਫਾਜਿ਼ਲਕਾ ਉਪਮੰਡਲ ਵਿਚ ਅੱਜ ਅਚਾਨਕ 4 ਨਹਿਰਾਂ ਵਿਚ ਪਾੜ ਪੈ ਗਿਆ। ਅਜਿਹਾ ਕੁਝ ਲੋਕਾਂ ਵੱਲੋਂ ਪਾਣੀ ਦੀ ਜਰੂਰਤ ਨਾ ਹੋਣ ਕਾਰਨ ਮੋਘੇ ਬੰਦ ਕਰ ਦਿੱਤੇ ਜਾਣ ਕਾਰਨ ਵਾਪਰਿਆਂ। ਨਹਿਰਾਂ ਨੂੰ ਟੁੱਟਣ ਤੋਂ ਰੋਕਣ ਲਈ ਸਿੰਚਾਈ ਵਿਭਾਗ ਨੇ ਵੀ ਉਪਰਾਲੇ ਕੀਤੇ ਅਤੇ ਐਸਕੇਪ ਵੀ ਖੋਲੇ ਗਏ ਪਰ ਫਿਰ ਵੀ ਕੁਝ ਥਾਂਵਾਂ ਤੇ ਪਾੜ ਪਿਆ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਪਮੰਡਲ ਮੈਜਿਸਟੇ੍ਰਟ ਸ੍ਰੀ ਨਿਕਾਸ ਖੀਂਚੜ ਮੌਕੇ ਪਰ ਪਹੁੰਚੇ ਤਾਂ ਜ਼ੋ ਨਹਿਰਾਂ ਨੂੰ ਬੰਨਣ ਦੀ ਪ੍ਰਕ੍ਰਿਆ ਤੁਰੰਤ ਸ਼ੁਰੂ ਕਰਵਾਈ ਜਾ ਸਕੇ। ਇਕ ਥਾਂ ਤਾਂ ਪਾੜ ਨੂੰ ਹੋਰ ਚੌੜਾ ਹੋਣ ਤੋਂ ਰੋਕਣ ਦੇ ਉਪਰਾਲਿਆਂ ਵਿਚ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਸ਼ਾਮਿਲ ਹੋ ਗਏ ਅਤੇ ਮਿੱਟੀ ਦੇ ਭਰੇ ਥੱਲੇ ਪਿੰਡ ਵਾਸੀਆਂ ਨਾਲ ਲੱਗ ਕੇ ਨਹਿਰ ਦੇ ਪਾੜ ਨੂੰ ਚੌੜਾ ਹੋਣ ਤੋਂ ਰੁਕਵਾਉਣ ਲਈ ਉਨ੍ਹਾਂ ਦੇ ਨਾਲ ਚੱਕਣ ਲੱਗ ਪਏ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਨਹਿਰਾਂ ਟੁੱਟਣ ਕਾਰਨ ਜਿੰਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਲਈ ਸਰਕਾਰ ਵੱਲੋਂ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਗਨਰੇਗਾ ਦੀ ਲੇਬਰ ਲਗਾ ਕੇ ਨਹਿਰਾਂ ਵਿਚ ਪਏ ਪਾੜ ਨੂੰ ਜਲਤ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੋਘੇ ਬੰਦ ਨਾ ਕੀਤੇ ਜਾਣ। ਓਧਰ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਫਾਜਿ਼ਲਕਾ ਨਹਿਰ ਮੰਡਲ ਦੇ ਸਟਾਫ ਵੱਲੋਂ ਦੇਰ ਰਾਤ ਤੱਕ ਮੋਘਿਆਂ ਨੂੰ ਖੋਲਿਆਂ ਗਿਆ ਸੀ ਅਤੇ ਡਿਜਾਇਨ ਅਨੁਸਾਰ ਪਾਣੀ ਚੱਲ ਗਿਆ ਸੀ ਪਰ ਸਵੇਰੇ ਫਿਰ ਕੁਝ ਲੋਕਾਂ ਨੇ ਮੋਘੇ ਬੰਦ ਕਰ ਦਿੱਤੇ ਸੀ ਜਿਸ ਕਾਰਨ ਕੇਰੀਆ ਮਾਈਨਰ ਆਰਡੀ 38500, ਬਾਂਡੀਵਾਲਾ ਡਿਸਟੀਬੁਟਰੀ ਆਰਡੀ 5000 ਤੇ, ਆਲਮਸ਼ਾਹ ਮਾਇਨਰ ਆਰਡੀ 28000 ਤੇ ਓਡੀਆਂ ਮਾਈਨਰ ਆਰਡੀ 5500 ਵਿਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਇੰਨ੍ਹਾਂ ਨਹਿਰਾਂ ਵਿਚ ਪਾੜ ਪੈ ਗਿਆ। ਮੌਕੇ ਤੇ ਓਡੀਆਂ ਮਾਈਨਰ ਅਤੇ ਆਲਮਸ਼ਾਹ ਮਾਈਨਰ ਚ ਪਏ ਪਾੜ ਨੂੰ ਆਰਜੀ ਤੌਰ ਤੇ ਬੰਦ ਕਰ ਲਿਆ ਗਿਆ ਅਤੇ ਬਾਕੀ ਥਾਂਵਾਂ ਤੇ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।ਇਸ ਤੋਂ ਬਿਨ੍ਹਾਂ ਮੌਕੇ ਪਰ ਮਸ਼ੀਨਾਂ ਅਤੇ ਮਿੱਟੀ ਦੇ ਬੈਗ ਲਗਾਉਣ ਦਾ ਕੰਮ ਆੰਰਭ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਨਹਿਰਾਂ ਨੂੰ ਠੀਕ ਕਰ ਲਿਆ ਜਾਵੇਗਾ।