ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਵਿਖੇ 86 ਲੱਖ ਦੀ ਲਾਗਤ ਵਾਲੇ ਦੋ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

  • 16 ਲੱਖ ਨਾਲ ਹੋਵੇਗਾ ਖੇਡ ਸਟੇਡੀਅਮ ਦੇ ਨਵੀਨੀਕਰਨ
  • 70 ਲੱਖ ਨਾਲ ਬਣੇਗੀ ਅਤਿ ਆਧੁਨਿਕ ਲਾਇਬ੍ਰੇਰੀ 
  • ਆਲੋਅਰਖ ਵਿਚ 63.04 ਲੱਖ ਦੀ ਲਾਗਤ ਵਾਲੀ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ 

ਭਵਾਨੀਗੜ੍ਹ, 19 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਸੀਂ ਵਿਧਾਨ ਸਭਾ ਹਲਕਾ ਸੰਗਰੂਰ ਵਿਖੇ  ਵਿਆਪਕ ਪੱਧਰ ਉਤੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਸਰਗਰਮ ਹਾਂ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਭਵਾਨੀਗੜ੍ਹ ਦੇ 16 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ । ਉਨ੍ਹਾਂ ਨੇ ਕਿਹਾ ਕਿ ਹਰ ਉਮਰ ਵਰਗ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡ ਗਤੀਵਿਧੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ਵਿਖੇ ਹਰ ਪੱਧਰ ਦੀ ਖੇਡ ਸੁਵਿਧਾ ਉਪਲੱਬਧ ਕਰਵਾਉਣ ਲਈ ਉਹ ਵਚਨਬੱਧ ਹਨ ਅਤੇ ਪੜਾਅਵਾਰ ਤਰੀਕੇ ਨਾਲ ਇਸਦੇ ਕੰਮ ਕਰਵਾਏ ਜਾ ਰਹੇ ਹਨ। ਇਸ ਉਪਰੰਤ ਉਨ੍ਹਾਂ ਵੱਲੋਂ ਡਾ. ਬੀ. ਆਰ ਅੰਬੇਦਕਰ ਪਾਰਕ ਵਿੱਚ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਉਸਾਰੀ ਜਾਣ ਵਾਲੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਦੇ ਬਣਨ ਨਾਲ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਮਦਦ ਮਿਲੇਗੀ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਆਲੋਅਰਖ ਵਿਚ 63.04 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਲਕਾ ਸੰਗਰੂਰ ਦਾ ਹਰ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਹ ਖੁਦ ਵੀ ਸਮੇਂ ਸਮੇਂ ਉਤੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦੇ ਰਹਿੰਦੇ ਹਨ। ਇਸ ਮੌਕੇ ਅਧਿਕਾਰੀ ਅਤੇ ਆਪ ਆਗੂ ਵੀ ਹਾਜ਼ਰ ਸਨ।