ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਚੀਨ ਵਿਖੇ ਹੋਈ ਏਸ਼ੀਅਨ ਰੋਲਰ

  • ਸਕੇਟਿੰਗ ਚੈਂਪੀਅਨਸ਼ਿਪ ’ਚ 10 ਤਮਗੇ ਜਿੱਤਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ

ਸੰਗਰੂਰ, 31 ਅਕਤੂਬਰ : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿਛਲੇ ਦਿਨੀਂ ਚੀਨ ਵਿੱਚ ਆਯੋਜਿਤ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਪਰਤੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਾਰੀਅਰਜ਼ ਸਕੇਟਿੰਗ ਸੈਂਟਰ ਸੰਗਰੂਰ ਦੇ ਖਿਡਾਰੀਆਂ ਨੇ ਜੂਨੀਅਰ ਤੇ ਸੀਨੀਅਰ ਵਰਗ ਵਿੱਚ 10 ਤਮਗੇ ਜਿੱਤ ਕੇ ਨਾ ਕੇਵਲ ਸੰਗਰੂਰ ਦਾ ਬਲਕਿ ਪੂਰੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੀ ਸ਼ਾਮ ਸੰਗਰੂਰ ਪਰਤੀ ਇਸ ਟੀਮ ਦੇ ਮੈਂਬਰਾਂ ਦਾ ਵਾਰ ਹੀਰੋਜ਼ ਸਟੇਡੀਅਮ ਵਿਖੇ ਸਵਾਗਤ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਖੇਡਾਂ ਨਾਲ ਜੋੜਨ ਲਈ ਵਿਆਪਕ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਚਲਦਿਆਂ ਹੀ ਲਗਾਤਾਰ ਦੂਜੀ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਖੇਡ ਮੱਲਾਂ ਮਾਰਨ ਦੇ ਯੋਗ ਬਣਾਇਆ ਜਾ ਸਕੇ। ਇਸ ਮੌਕੇ ਟੀਮ ਦੇ ਕੋਚ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਦੇ ਵਾਰੀਅਰਜ਼ ਸਕੇਟਿੰਗ ਸੈਂਟਰ ਦੇ ਲੜਕਿਆਂ ਨੇ ਜੂਨੀਅਰ ਅੰਡਰ-20 ਉਮਰ ਵਰਗ ਵਿੱਚ ਪ੍ਰਣਵ ਮੰਡੋਰਾ, ਦਕਸ਼ਨੂਰ ਸਿੰਘ, ਗੁਰਸੇਵਕ ਸਿੰਘ ਚੀਮਾ, ਗੁਰਸ਼ੇਰ ਸਿੰਘ ਰਾਓ, ਤਨਿਸ਼ ਗੋਇਲ, ਰੋਹਨਦੀਪ ਸਿੰਘ, ਦਕਸ਼ ਰਤਨ ਨੇ 7 ਚਾਂਦੀ ਦੇ ਤਮਗੇ ਅਤੇ ਅਮਨਦੀਪ ਕੌਰ, ਮਨਸੀਰਤ ਕੌਰ ਤੇ ਨਵਨੀਤ ਕੌਰ ਨੇ ਸੀਨੀਅਰ ਵਰਗ ਵਿੱਚ 3 ਕਾਂਸੀ ਦੇ ਤਮਗੇ ਹਾਸਲ ਕੀਤੇ ਹਨ, ਜਿਸ ਲਈ ਇਹ ਖਿਡਾਰੀ ਤੇ ਇਨ੍ਹਾਂ ਦੇ ਕੋਚ ਵਧਾਈ ਦੇ ਪਾਤਰ ਹਨ।