ਵਿਧਾਇਕ ਸਿੱਧੂ ਵਲੋਂ ਐਮ.ਐਲ.ਯੂ. ਖੇਤਰਾਂ 'ਚ ਕੰਮ ਕਰ ਰਹੇ ਯੂਨਿਟਾਂ ਮੁੱਦਾ ਮੁੱਖ ਮੰਤਰੀ ਕੋਲ ਚੁੱਕਣ ਦਾ ਦਿੱਤਾ ਭਰੋਸਾ

  • ਸੀਸੂ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ

ਲੁਧਿਆਣਾ, 15 ਮਈ : ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮਿਕਸਡ ਲੈਂਡ ਯੂਜ਼ (ਐਮ.ਐਲ.ਯੂ.) ਖੇਤਰਾਂ ਵਿੱਚ ਮੌਜੂਦਾ ਐਮ.ਐਸ.ਐਮ.ਈ. ਯੂਨਿਟਾਂ ਨੂੰ ਦਿਲੋਂ ਸਮਰਥਨ ਦੇਣ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ ਉਨ੍ਹਾਂ ਦਾ ਮੁੱਦਾ ਉਠਾਉਣ ਦਾ ਭਰੋਸਾ ਦਿੱਤਾ। ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਅਗਵਾਈ ਵਿੱਚ ਸੀਸੂ (ਚੈੰਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ) ਦੇ ਨੁਮਾਇੰਦਿਆਂ ਨਾਲ ਮੀਟਿੰਗ ਵਿੱਚ ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਉਠਾਉਣਗੇ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਐਮ.ਐਲ.ਯੂ. ਖੇਤਰਾਂ ਵਿੱਚ 25000 ਯੂਨਿਟ ਕੰਮ ਕਰ ਰਹੇ ਹਨ ਅਤੇ ਜ਼ਿਆਦਾਤਰ ਯੂਨਿਟ ਮਾਈਕਰੋ ਸੈਕਟਰ ਦੇ ਸਨ ਅਤੇ ਇਨ੍ਹਾਂ ਯੂਨਿਟਾਂ ਨੂੰ ਜ਼ੋਨ-1 ਤੋਂ ਸ਼ਿਫਟ ਕਰਨ ਲਈ ਸਰਕਾਰ ਨੂੰ ਮਿਸਾਲੀ ਪੈਕੇਜ ਤਿਆਰ ਕਰਨੇ ਚਾਹੀਦੇ ਹਨ ਜਿਸ ਵਿੱਚ ਘੱਟ ਕੀਮਤ ਵਾਲੀ ਜ਼ਮੀਨ, ਬਿਜਲੀ ਕੁਨੈਕਸ਼ਨ ਸ਼ਿਫਟ ਕਰਨ ਲਈ ਕੋਈ ਖਰਚਾ ਨਾ ਦੇਣਾ, ਘੱਟ ਵਿਆਜ ਦਰ 'ਤੇ ਕਰਜ਼ੇ ਦੀ ਉਪਲਬਧਤਾ ਅਤੇ ਕੰਮਕਾਜੀ ਅਤੇ ਸਥਿਰ ਪੂੰਜੀ ਲੋੜਾਂ ਲਈ ਆਸਾਨ ਕਿਸ਼ਤਾਂ ਸ਼ਾਮਲ ਹਨ। ਆਹੂਜਾ ਨੇ ਇਹ ਵੀ ਮੰਗ ਕੀਤੀ ਕਿ ਉਦਯੋਗਿਕ ਇਕਾਈਆਂ ਖਾਸ ਤੌਰ 'ਤੇ ਗ੍ਰੀਨ ਕੈਟਾਗਰੀ ਦੀਆਂ ਜੋ ਇਨ੍ਹਾਂ ਖੇਤਰਾਂ ਵਿੱਚ ਆਪਣਾ ਕਾਰੋਬਾਰ ਜਾਰੀ ਰੱਖਣਾ ਚਾਹੁੰਦੀਆਂ ਹਨ, ਨੂੰ ਬਾਹਰ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਐਮ.ਐਲ.ਯੂ. ਖੇਤਰਾਂ ਵਾਲੇ ਮਾਸਟਰ ਪਲਾਨ ਨੂੰ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਹੈ ਅਤੇ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਜਾਣੀ ਚਾਹੀਦੀ। ਵਿਧਾਇਕ ਸਿੱਧੂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਤਿੰਦਰ ਸਿੰਘ, ਗੁਰਚਰਨ ਸਿੰਘ ਜੈਮਕੋ, ਦੀਦਾਰਜੀਤ ਸਿੰਘ ਲੋਟੇ, ਰੋਹਿਤ ਪਾਹਵਾ, ਜਸਪ੍ਰੀਤ ਸਿੰਘ ਪਨੇਸਰ, ਸਤਿੰਦਰ ਸਿੰਘ ਲੋਟੇ, ਹਰਜੀਤ ਸਿੰਘ ਸੱਗੂ, ਤਜਿੰਦਰ ਸਿੰਘ ਲੋਟੇ, ਕੁਲਵੰਤ ਸਿੰਘ ਸੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।