ਸਿੱਧਵਾਂ ਕਲਾਂ ਦਾਣਾ ਮੰਡੀ ਜਮੀਨ ਦਾ ਮਸਲਾ ਵਿਧਾਇਕ ਮਾਣੂਕੇ ਨੇ ਕੀਤਾ ਹੱਲ 

  • ਪਰਿਵਾਰ ਨੂੰ 8 ਏਕੜ ਜ਼ਮੀਨ ਮਿਲੇਗੀ

ਮੁੱਲਾਂਪੁਰ ਦਾਖਾ, 19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਵਿਧਾਨ ਸਭਾ ਹਲਕਾ ਜਗਰਾਓ ਦੇ ਨਾਮਵਰ ਪਿੰਡ ਸਿੱਧਵਾਂ ਕਲਾਂ ਦੇ ਇੱਕ ਪਰਿਵਾਰ ਦੀ 4 ਏਕੜ ਜ਼ਮੀਨ ਦੇ ਤਬਾਦਲੇ ਦਾ ਮਸਲਾ ਅੱਜ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਰਬਾਰ ਪੁੱਜ ਗਿਆ ਸੀ ਜਿੱਥੇ ਉਹਨਾ ਦੇ ਇਸ ਮਸਲੇ ਦਾ ਹੱਲ ਹੋ ਗਿਆ । ਪੀੜਤ ਪਰਿਵਾਰ ਦੀ ਨੂੰਹ ਮਨਦੀਪ ਕੌਰ ਸਿੱਧੂ  ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਕਰੀਬ 4 ਏਕੜ ਜ਼ਮੀਨ ਅੱਜ ਤੋ 32 ਕੁ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਵਲੋ ਤਬਾਦਲੇ ਰਾਹੀਂ ਲੇਕੇ ਉਹਨਾਂ ਨੂੰ 8 ਏਕੜ ਜ਼ਮੀਨ ਦੇ ਦਿੱਤੀ ਸੀ। ਮਨਦੀਪ ਕੌਰ ਅਨੁਸਾਰ ਉਹਨਾਂ ਨੂੰ ਦਿੱਤੀ 8 ਏਕੜ ਜ਼ਮੀਨ ਅੱਜ ਤੱਕ ਉਹਨਾਂ ਦੇ ਨਾਮ ਨਹੀਂ ਚੜਾਈ ਗਈ ਸੀ ਜਿਸ ਕਰਕੇ ਕੱਲ ਉਹਨਾਂ ਨੇ ਪਿੰਡ ਸਿੱਧਵਾਂ ਕਲਾਂ ਦੇ ਸਹਿਯੋਗ ਸਦਕਾ ਦਾਣਾ ਮੰਡੀ ਬੰਦ ਕਰ ਦਿੱਤੀ ਸੀ ਅਤੇ ਉਥੇ ਪਾਣੀ ਵਾਲੀ ਟੈਂਕੀ ਨੂੰ ਜਿੰਦਰਾ ਲਗਾ ਦਿੱਤਾ ਸੀ। ਜਦੋ ਇਸ ਸਬੰਧੀ ਸ਼ੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਇਸਦੇ ਮੁਕੰਮਲ ਹੱਲ ਵਾਸਤੇ ਜਗਰਾਓ ਦੇ ਵਿਧਾਇਕਾਂ ਸਰਬਜੀਤ ਸਿੰਘ ਮਾਣੂਕੇ ਨੇ ਅੱਜ ਪੀੜਤ ਪਰਿਵਾਰ ਨੂੰ ਜਗਰਾਓ ਬੁਲਾਇਆ ਸੀ ਜਿੱਥੇ ਪਿੰਡ ਦੀ ਗ੍ਰਾਮ ਪੰਚਾਇਤ ਵੀ ਹਾਜਰ ਸੀ।ਇਸ ਮੌਕੇ ਉਹਨਾਂ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਫੈਸਲਾ ਕੀਤਾ ਕਿ ਜਾਂ ਤਾਂ ਉਹਨਾਂ ਨੂੰ 4 ਏਕੜ ਜ਼ਮੀਨ ਵਾਪਸ ਕਰ ਦਿੱਤੀ ਜਾਵੇਗੀ ਜਾਂ ਫਿਰ ਉਹਨਾਂ ਦੇ ਨਾਮ ਮੁਕੰਮਲ 8 ਏਕੜ ਜ਼ਮੀਨ ਚਾੜ੍ਹ ਦਿਤੀ ਜਾਵੇਗੀ।ਇਸਦਾ ਸਮਾਂ 6 ਮਹੀਨੇ ਦਾ ਰੱਖਿਆ ਗਿਆ ਹੈ। ਇਸ ਫੈਸਲੇ ਤੇ ਪੀੜਤ ਪਰਿਵਾਰ ਬੇਹੱਦ ਖ਼ੁਸ਼ ਨਜਰ ਆਇਆ ਅਤੇ ਮਨਦੀਪ ਕੌਰ ਸਿੱਧੂ ਨੇ ਜਿੱਥੇ ਐਮ ਐਲ ਏ ਸਰਬਜੀਤ ਕੌਰ ਦਾ ਧੰਨਵਾਦ ਕੀਤਾ ਉਥੇ ਉਹਨਾ ਨੇ ਪਿੰਡ ਸਿੱਧਵਾਂ ਕਲਾਂ ਦੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੰਘਰਸ਼ ਵਿਚ ਉਹਨਾਂ ਦਾ ਸਾਥ ਦਿੱਤਾ।ਅੱਜ ਮਨਦੀਪ ਕੌਰ ਨੇ ,ਪੰਚ ਜਗਦੀਪ ਸਿੰਘ,ਪੰਚ ਹਰਦੇਵ ਸਿੰਘ,ਸਾਬਕਾ ਸਰਪੰਚ ਦਰਸ਼ਨ ਸਿੰਘ, ਰਾਜੂ ਮੱਲੀ,ਕੁਲਵੰਤ ਕੌਰ, ਸੁਰਿੰਦਰਪਾਲ ਕੌਰ ਅਤੇ ਅਮਰਜੀਤ ਕੌਰ ਆਦਿ ਦੀ ਅਗਵਾਈ ਚ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਧੰਨਵਾਦ ਕੀਤਾ।