ਵਿਧਾਇਕ ਕੁਲਵੰਤ ਸਿੱਧੂ ਦਾ ਨਿਗਮ ਚੋਣਾਂ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਨੂੰ ਝੱਟਕਾ!

ਲੁਧਿਆਣਾ, 10 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਲੋਕ ਹਿਤੈਸੀ ਨੀਤੀਆਂ ਦੇ ਚੱਲਦਿਆਂ ਜਿੱਥੇ ਲਗਾਤਾਰ ਹੋਰਨਾਂ ਪਾਰਟੀਆਂ ਦੇ ਆਗੂ ਆਪ ‘ਚ ਸ਼ਾਮਲ ਹੋ ਰਹੇ ਹਨ, ਉੱਥੇ ਅੱਜ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਕੌੰਸਲਰ ਕੁਲਦੀਪ ਸਿੰਘ ਬਿੱਟਾ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ‘ਚ ਹੋਏ, ਜਿੱਥੇ ਉਹਨਾ ਹਲਕਾ ਆਤਮ ਨਗਰ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਸ. ਬਿੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਸੂਬੇ ਦੀ ਭਲਾਈ ਲਈ ਕਾਰਜ ਕਰ ਰਹੀ ਹੈ, ਆਪ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਕਾਰਨ ਭ੍ਰਿਸ਼ਟ ਤੰਤਰ ਖੌਫ ਦੇ ਵਿਚ ਹੈ, ਇਸ ਦੇ ਨਾਲ ਆਮ ਆਦਮੀ ਪਾਰਟੀ ਨੇ ਜੋ ਚੋਣਾਂ ਦੌਰਾਨ ਮੁਫਤ ਬਿਜਲੀ, ਮੁਹੱਲਾ ਕਲੀਨਿਕ ਅਤੇ ਰੋਜਗਾਰ ਦੇਣ ਦੀ ਗੱਲ ਆਖੀ ਉਹ ਪਹਿਲੇ ਸਾਲ ‘ਚ ਪੂਰਾ ਕਰ ਵਿਖਾਇਆ ਹੈ। ਕੁਲਦੀਪ ਬਿੱਟਾ ਨੇ ਕਿਹਾ ਕਿ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੱਧੂ ਮੇਰੇ ਵੱਡੇ ਭਰਾ ਦੀ ਤਰ੍ਹਾਂ ਹਨ, ਉਹਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ ਤੇ ਜਿੱਥੇ ਪਾਰਟੀ ਵੱਲੋਂ ਡਿਊਟੀ ਲਗਾਈ ਜਾਵੇਗੀ ਉਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਕੌੰਸਲਰ ਕੁਲਦੀਪ ਬਿੱਟਾ ਦਾ ਪਾਰਟੀ ‘ਚ ਸਵਾਗਤ ਕਰਦਿਆਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਲੋਕਾਂ ਦਾ ਝੁਕਾਅ ਆਪ ਵੱਲ ਵਧਿਆ ਹੈ ਤੇ ਪਾਰਟੀ ਇਹ ਵਿਸ਼ਵਾਸ਼ ਭਵਿੱਖ ‘ਚ ਕਾਇਮ ਰੱਖੇਗੀ। ਉਹਨਾ ਕਿਹਾ ਕਿ ਕੁਲਦੀਪ ਬਿੱਟਾ ਭਾਵੇੰ ਕਿਸੇ ਵੀ ਪਾਰਟੀ ਦਾ ਹਿੱਸਾ ਰਹੇ ਹੋਣ ਪਰ ਉਹਨਾ ਨੇ ਹਮੇਸ਼ਾ ਲੋਕ ਹਿੱਤ ਦੀ ਗੱਲ ਕੀਤੀ ਹੈ, ਇਲਾਕੇ ਦੇ ਵਿਕਾਸ ਦੀ ਗੱਲ ਕੀਤੀ ਹੈ ਤੇ ਆਮ ਆਦਮੀ ਪਾਰਟੀ ਦਾ ਟੀਚਾ ਵੀ ਸੂਬੇ ਦਾ ਸਰਵਪੱਖੀ ਵਿਕਾਸ ਹੈ ਤੇ ਵਿਕਾਸ ਦੀ ਤਸਵੀਰ ਲੈ ਕੇ ਅਸੀਂ ਲੋਕਾਂ ਦੀ ਕਚਹਿਰੀ ‘ਚ ਜਾਵਾਂਗੇ।