ਵਿਧਾਇਕ ਫਾਜ਼ਿਲਕਾ ਨੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਲਿਆ ਜਾਇਜ਼ਾ

  • ਕਿਹਾ, ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਨੂੰ ਹਰ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ

ਫਾਜ਼ਿਲਕਾ 30 ਜੁਲਾਈ : ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਮੁਹਾਰ ਜਮਸੇਰ, ਢਾਣੀ ਰੇਤੀ ਵਾਲੀ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਮਹਾਤਮ ਨਗਰ, ਢਾਣੀ ਲਾਭ ਸਿੰਘ, ਝੰਗੜ ਭੈਣੀ, ਗੁਲਾਬਾ ਭੈਣੀ, ਗਿੱਦੜ ਭੈਣੀ, ਢਾਣੀ ਸੱਦਾ ਸਿੰਘ ਅਤੇ ਨੂਰਸ਼ਾਹ ਪਿੰਡਾਂ ਸਮੇਤ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਲੋਕਾਂ ਲਈ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਰਾਸ਼ਨ, ਪਸ਼ੂਆਂ ਦੀ ਫੀਡ, ਚਾਰਾਂ ਆਦਿ ਲਗਾਤਾਰ ਪ੍ਰਭਾਵਿਤ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲਂ ਮੁਹਈਆ ਕਰਵਾ ਰਹੀ ਹੈ। ਉਹ ਦਿਨ ਰਾਤ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਖ਼ਾਸ ਕਰ ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਹੀ ਇਨ੍ਹਾਂ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੈ ਤੇ ਇਹ ਪਿੰਡ ਪਾਣੀ ਨਾਲ ਭਰੇ ਹਨ ਉਹ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਦੀ ਸੇਵਾ ਲਈ ਡਟੇ ਹੋਏ ਹਨ। ਵਿਧਾਇਕ ਸਵਨਾ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਸਥਿਤੀ ਆਮ ਵਾਂਗ ਹੋ ਜਾਏਗੀ ਕਿਉਕਿ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਪਸ਼ੂਆਂ ਲਈ ਚਾਰਾ ਤੇ ਰਾਸ਼ਨ ਆਦਿ ਜ਼ਰੂਰਤਮੰਦਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਵੰਡੇ ਜਾਂਦੇ ਰਾਸ਼ਨ ਤੇ ਫੀਡ ਵੰਡ ਦੌਰਾਨ ਪੂਰਾ ਸਹਿਯੋਗ ਦੇਣ ਅਤੇ ਜਦੋਂ ਵੀ ਰਾਸ਼ਨ, ਫੀਡ ਆਦਿ ਦੀ ਵੰਡ ਕੀਤੀ ਜਾਂਦੀ ਹੈ ਤਾਂ ਪਿੰਡ ਦੇ ਮੋਹਦਵਾਰ ਬੰਦੇ ਕੋਲ ਖੜ੍ਹ ਕੇ ਰਾਸ਼ਨ ਆਦਿ ਦੀ ਵੰਡ ਕਰਵਾਉਣ ਉਨ੍ਹਾਂ ਕਿਹਾ ਇਸ ਕੁਦਰਤੀ ਆਫ਼ਤ ਨੂੰ ਆਪਸ ਵਿੱਚ ਮਿਲਜੁਲ ਕੇ ਹੀ ਟਾਲਿਆ ਜਾ ਸਕਦਾ ਹੈ।