ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਵਲੋਂ ਸ਼ਹਿਰੀ ਵਿਕਾਸ 'ਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 'ਯੁੱਗ' ਪ੍ਰੋਗਰਾਮ ਦੀ ਸ਼ੁਰੂਆਤ

  • ਇਸ ਪਹਿਲਕਦਮੀ ਤਹਿਤ ਨੌਜਵਾਨ ਆਪਣੇ ਵਡਮੁੱਲੇ ਸੁਝਾਅ ਰਾਹੀਂ ਲੁਧਿਆਣਾ ਸ਼ਹਿਰ ਨੂੰ ਬਿਹਤਰ ਬਣਾਉਣ 'ਚ ਯੋਗਦਾਨ ਪਾ ਸਕਦੇ ਹਨ
  • ਪਹਿਲੇ ਦਿਨ ਚਾਰ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

ਲੁਧਿਆਣਾ, 18 ਮਈ : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਨਗਰ ਨਿਗਮ ਲੁਧਿਆਣਾ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਵਲੋਂ ਸਾਂਝੇ ਤੌਰ 'ਤੇ 'ਯੂਥ ਇਨ ਅਰਬਨ ਗਵਰਨੈਂਸ' 'ਯੁੱਗ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਜੋ ਜ਼ਮੀਨੀ ਪੱਧਰ 'ਤੇ ਨੌਜਵਾਨਾਂ ਨੂੰ ਨਾਗਰਿਕ, ਸਿਹਤ ਅਤੇ ਸਮਾਰਟ ਸਿਟੀ ਦੇ ਮੁੱਦਿਆਂ ਬਾਰੇ ਜਾਣੂੰ ਕਰਵਾਇਆ ਜਾ ਸਕੇ ਅਤੇ ਨੌਜਵਾਨਾਂ ਵੀ ਆਪਣੇ ਵਡਮੁੱਲੇ ਸੁਝਾਅ ਰਾਹੀਂ ਲੁਧਿਆਣਾ ਸ਼ਹਿਰ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਸ਼ਹਿਰੀ ਵਿਕਾਸ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਵਧਾਏਗੀ ਅਤੇ ਇੱਕ ਸਕਾਰਾਤਮਕ ਸਮਾਜਿਕ ਤਬਦੀਲੀ ਲਿਆਵੇਗੀ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਸਮੇਤ ਸਰਕਾਰੀ ਅਤੇ ਨਿੱਜੀ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਠੋਸ ਰਹਿੰਦ-ਖੂੰਹਦ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ, ਬਾਇਓ ਗੈਸ ਪਲਾਂਟਾਂ, ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.), ਫਾਇਰ ਬ੍ਰਿਗੇਡ ਸਟੇਸ਼ਨ ਦੇ ਕੰਮਕਾਜ ਬਾਰੇ ਪਹਿਲਾਂ ਤੋਂ ਸਿੱਖਣ ਲਈ ਸਥਾਨਾਂ 'ਤੇ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਹਿਰੂ ਪਲੈਨੀਟੇਰੀਅਮ, ਅਜਾਇਬ ਘਰ, ਲੁਧਿਆਣਾ ਦੇ ਇਤਿਹਾਸਕ ਅਤੇ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਸਥਾਨਾਂ, ਪਿੰਡਾਂ, ਵੇਰਕਾ ਵਿੱਚ ਉਦਯੋਗਿਕ ਟੂਰ, ਬਾਇਓਫਿਊਲ ਉਤਪਾਦਨ ਯੂਨਿਟ ਅਤੇ ਹੋਰ ਖੇਤਰਾਂ ਵਿੱਚ ਵੀ ਲਿਜਾਇਆ ਜਾਵੇਗਾ. ਉਨ੍ਹਾਂ ਦੱਸਿਆ ਕਿ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਫਸਟ ਏਡ ਟਰੇਨਿੰਗ, ਪੋਸ਼ਣ ਅਤੇ ਸਿਹਤਮੰਦ ਖੁਰਾਕ ਦੀ ਜਾਣਕਾਰੀ ਅਤੇ ਕਰੀਅਰ, ਕਾਨੂੰਨੀ, ਨਸ਼ਾ ਵਿਰੋਧੀ, ਸਾਈਬਰ, ਵਿੱਤੀ ਸਾਖਰਤਾ ਅਤੇ ਟਰੈਫਿਕ ਜਾਗਰੂਕਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਇਹ ਉਹਨਾਂ ਨੂੰ ਵਿਗਿਆਨ ਸਿੱਖਣ ਅਤੇ ਸਕੂਲਾਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਿਹਾਰਕ ਤੌਰ 'ਤੇ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਵੀ ਸਹਾਈ ਸਿੱਧ ਹੋਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਇਹ ਕੰਮ ਕਿਵੇਂ ਕਰ ਰਹੇ ਹਨ, ਅਤੇ ਨਾਗਰਿਕ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ ਸਕਦੇ ਹਨ - ਪਾਣੀ ਦੀ ਬਚਤ ਕਰਨਾ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨਾ, ਰਹਿੰਦ-ਖੂੰਹਦ ਨੂੰ ਘਟਾਉਣਾ ਅਤੇ ਰੀਸਾਈਕਲ ਕਰਨਾ- ਇਸ ਤਰ੍ਹਾਂ ਨਾਗਰਿਕ ਰਵੱਈਏ ਪੈਦਾ ਕਰਨਾ- ਤਾਂ ਜੋ ਉਹ ਸ਼ਹਿਰ ਦੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪ੍ਰੋਗਰਾਮ ਨੌਜਵਾਨਾਂ ਦੇ ਮਨਾਂ 'ਤੇ ਬਹੁਤ ਪ੍ਰਭਾਵ ਛੱਡੇਗਾ ਅਤੇ ਉਹ ਲੁਧਿਆਣਾ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਨਵੇਂ ਵਿਚਾਰ ਅਤੇ ਸੁਝਾਅ ਦੇਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਨੂੰ ਲੁਧਿਆਣਾ ਨੂੰ ਹਰਿਆ ਭਰਿਆ ਅਤੇ ਸੁਰੱਖਿਅਤ ਬਣਾਉਣ ਲਈ ਉਨ੍ਹਾਂ ਦੇ ਸ਼ਹਿਰੀ ਫਰਜ਼ਾਂ ਦੀ ਜ਼ਿਮੇਵਾਰੀ ਨਿਭਾਉਣ ਦੇ ਯੋਗ ਵੀ ਬਣਾਏਗਾ। ਉਨ੍ਹਾਂ ਕਿਹਾ ਕਿ ਇਹ ਪੀੜ੍ਹੀ ਬਿਹਤਰ ਜੀਵਨ ਸਥਾਨ ਲਈ ਗਿਆਨ ਅਤੇ ਵਿਚਾਰਾਂ ਦੇ ਪ੍ਰਸਾਰ ਦੀ ਆਪਣੀ ਸ਼ਕਤੀ ਨਾਲ ਸਮਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ। ਉਨ੍ਹਾਂ  ਅਜਿਹੇ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਿਨ੍ਹਾਂ ਕੋਲ ਦੁਨੀਆ ਨੂੰ ਬਦਲਣ ਦੀ ਸ਼ਕਤੀ ਹੈ ਅਤੇ ਉਹ ਕਿਸੇ ਵੀ ਦੇਸ਼ ਲਈ ਸੰਪਤੀ ਹਨ। ਉਪਰੰਤ ਪਤਵੰਤਿਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ (ਲੜਕੇ) ਦੇ ਵਿਦਿਆਰਥੀਆਂ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਜਮਾਲਪੁਰ (ਤਾਜਪੁਰ ਰੋਡ 'ਤੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦ ਨਗਰ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਜਾਇਬ ਘਰ ਦਾ ਦੌਰਾ ਕੀਤਾ। ਇਸੇ ਤਰ੍ਹਾਂ ਕੁੰਦਨ ਵਿਦਿਆ ਮੰਦਰ (ਕੇ.ਵੀ.ਐਮ.) ਸਕੂਲ ਦੇ ਵਿਦਿਆਰਥੀਆਂ ਨੇ ਨਗਰ ਨਿਗਮ ਜੋਨ ਡੀ ਦਫ਼ਤਰ ਵਿੱਚ ਨਗਰ ਨਿਗਮ ਦੇ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਦਾ ਦੌਰਾ ਕੀਤਾ ਜਦਕਿ ਮਾਉਂਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਨਹਿਰੂ ਪਲੈਨੀਟੇਰੀਅਮ ਦਾ ਦੌਰਾ ਕੀਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ ਅਤੇ ਹੋਰ ਹਾਜ਼ਰ ਸਨ।