ਵਿਧਾਇਕ ਛੀਨਾ ਵਲੋਂ ਪੀਣ ਵਾਲੇ ਪਾਣੀ ਦੇ ਟਿਊਬਵੈਲ ਲੋਕ ਅਰਪਿਤ

  • ਕਿਹਾ! "ਹਰ ਘਰ ਨਲ ਤੇ ਹਰ ਘਰ ਜਲ" ਪੰਜਾਬ ਸਰਕਾਰ ਦਾ ਮੁੱਖ ਟੀਚਾ 

ਲੁਧਿਆਣਾ, 11 ਮਈ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਗਗਨ ਨਗਰ, ਵਾਰਡ ਨੰਬਰ-31 ਦੇ ਗਲੀ ਨੰਬਰ 2 ਵਿਖੇ ਪੀਣ ਵਾਲੇ ਪਾਣੀ ਦੇ 25 ਹੋਰਸ ਪਾਵਰ ਵਾਲੇ ਟਿਊਬਵੈਲ ਦਾ ਉਦਘਾਟਨ ਕੀਤਾ, ਜਿਸਦੀ ਕੁੱਲ ਲਾਗਤ 11 ਲੱਖ 67 ਹਜ਼ਾਰ ਰੁਪਏ ਹੈ। ਇਸ ਉਪਰੰਤ ਵਿਧਾਇਕ ਛੀਨਾ ਵਲੋਂ ਪਿੰਡ ਲੋਹਾਰਾ ਵਿਖੇ 12.50 ਹੋਰਸ ਪਾਵਰ ਵਾਲੇ ਟਿਊਬਵੈਲ ਦਾ ਉਦਘਾਟਨ ਕੀਤਾ,ਜਿਸਦੀ ਕੁੱਲ ਲਾਗਤ 4 ਲੱਖ 25 ਹਜ਼ਾਰ ਰੁਪਏ ਹੈ। ਟਿਊਬਵੈਲ ਦੇ ਉਦਘਾਟਨ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਲੁਧਿਆਣਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲਬੱਧ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਟਿਊਬਵੈਲ ਨਾਲ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਪੀਣ ਵਾਲੇ ਸਾਫ਼ ਪਾਣੀ ਵਾਲੀ ਵੱਡੀ ਸਮੱਸਿਆ ਦਾ ਹੱਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਦਾ ਬੋਰ ਪਿਛਲੇ ਕਈ ਸਾਲਾਂ ਤੋਂ ਫੇਲ ਸੀ ਜਿਸ ਕਰਕੇ ਇਲਾਕੇ ਦੇ ਲੋਕਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਥੇ ਦਾ ਟਿਊਬਵੈਲ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸੂਬੇ ਦੇ "ਹਰ ਘਰ ਨਲ ਤੇ ਹਰ ਘਰ ਜਲ" ਦੀ ਸੁਵਿਧਾ ਪਹੁੰਚੇ, ਤਾਂ ਜੋ ਸਾਰਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਲੋਕਾਂ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ ਅਤੇ ਜਿੱਥੇ ਤੁਰੰਤ ਕੰਮ ਦੀ ਜ਼ਰੂਰਤ ਹੈ, ਉਥੇ ਬਿਨ੍ਹਾਂ ਦੇਰੀ ਕੀਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਦੌਰਾਨ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ।