ਵਿਧਾਨ ਸਭਾ 'ਚ ਵਿਧਾਇਕ ਚੱਢਾ ਨੇ ਦਵਾਈਆਂ ਦੀ ਉੱਚੀਆਂ ਕੀਮਤਾਂ ਦਾ ਚੁੱਕਿਆ ਮੁੱਦਾ 

ਰੂਪਨਗਰ, 09 ਮਾਰਚ : ਪੰਜਾਬ ਵਿਧਾਨ ਸਭਾ ਵਿਚ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਦਵਾਈਆਂ ਦੇ ਐਮ.ਆਰ.ਪੀ. ਬਹੁਤ ਜ਼ਿਆਦਾ ਹੋਣ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਰੱਗ ਸਪਲਾਈ ਕੰਟਰੋਲ ਆਰਡਰ ਦੇ ਅੰਦਰ ਦਵਾਈਆਂ ਦੀਆਂ ਕੀਮਤਾਂ ਕੇਂਦਰ ਸਰਕਾਰ ਵਲੋਂ ਤੈਅ ਕੀਤੀਆਂ ਜਾਂਦੀਆਂ ਹਨ ਜਦਕਿ ਦਵਾਈਆਂ ਦੀ ਕੀਮਤਾਂ ਵਿਚ ਬਹੁਤ ਅਸਮਾਨਤਾ ਪਾਈ ਜਾਂਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਮਾਰਕਿਟ ਵਿਚ 80 ਰੁਪਏ ਵਾਲੀ ਦਵਾਈ ਦੀ ਐਮ.ਆਰ.ਪੀ. 480 ਰੁਪਏ ਅਤੇ 50 ਰੁਪਏ ਵਾਲੀ ਦਵਾਈ ਦੀ 250 ਐਮ.ਆਰ.ਪੀ. ਹੁੰਦੀ ਹੈ ਜਿਸ ਨਾਲ ਮਰੀਜ਼ਾਂ ਦੀ ਵੱਡੀ ਪੱਧਰ ਉੱਤੇ ਲੁੱਟ ਹੋ ਰਹੀ ਹੈ। ਐਡਵੋਕੇਟ ਚੱਢਾ ਨੇ ਕਿਹਾ ਕਿ ਸਰਕਾਰ ਨੂੰ ਦਵਾਈਆਂ ਦੀਆਂ ਕੀਮਤਾਂ ਉਪਭੋਗਤਾ ਨੂੰ ਧਿਆਨ ਵਿਚ ਰੱਖ ਕੇ ਤੈਅ ਕਰਨੀਆਂ ਚਾਹੀਦੀਆਂ ਹਨ। ਵਿਧਾਇਕ ਚੱਢਾ ਨੇ ਕਿਹਾ ਕਿ ਸ਼ਡਿਊਲ ਡਰੱਗਜ਼ ਦੇ ਵਿਚ 16 ਫੀਸਦ ਮਾਰਜ਼ਨ ਨਿਸ਼ਚਿਤ ਕੀਤਾ ਗਿਆ ਹੈ ਅਤੇ ਐਂਟੀ ਕੈਂਸਰ ਡਰੱਗਜ਼ ਵਿਚ 40 ਫੀਸਦ ਮਾਰਜਨ ਨਿਸ਼ਚਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਕੋਈ ਹੋਰ ਡਰੱਗਜ਼ ਵਿਚ ਮਾਰਜਨ ਨਹੀਂ ਰੱਖਿਆ ਗਿਆ ਜਿਸ ਕਾਰਨ ਦਵਾਈਆਂ ਦੀ ਕੀਮਤਾਂ ਵਿਚ ਕਈ ਗੁਣਾ ਵਾਧਾ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਫਾਰਮਾ ਸਿਉਟੀਕਲ ਅਥਾਰਟੀ ਆਫ ਇੰਡਿਆ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਦਵਾਈਆਂ ਦੀਆਂ ਕੀਮਤਾਂ ਉੱਤੇ ਨਿਸ਼ਚਿਤ ਮਾਰਜਨ ਨਿਰਧਾਰਿਤ ਕਰਨਾ ਚਾਹੀਦਾ ਹੈ ਤਾਂ ਜੋ ਦਵਾਈਆਂ ਦੀਆਂ ਕੀਮਤਾਂ ਉੱਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਸੂਬੇ ਨੂੰ ਹੱਕ ਹੈ ਕਿ ਉਹ ਇਸ ਮਾਮਲੇ ਉੱਤੇ ਆਪਣੀ ਆਵਾਜ਼ ਬੁਲੰਦ ਕਰੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਮੱਦੇ ਉੱਤੇ ਕੇਂਦਰ ਸਰਕਾਰ ਨਾਲ ਜ਼ਰੂਰ ਵਿਚਾਰ ਚਰਚਾ ਕੀਤੀ ਜਾਵੇ ਤਾਂ ਜੋ ਦਵਾਈਆਂ ਦੀਆਂ ਉੱਚੀਆਂ ਕੀਮਤਾਂ ਰਾਹੀਂ ਆਮ ਇਨਸਾਨ ਉੱਤੇ ਪੈ ਰਹੇ ਵਾਧੂ ਬੋਝ ਤੋਂ ਬਚਾਇਆ ਜਾ ਸਕੇ।