ਵਿਧਾਇਕ ਭੋਲਾ ਵਲੋਂ ਸੁਚਾਰੂ ਟ੍ਰੈਫਿਕ ਵਿਵਸਥਾ ਦੇ ਮੱਦੇਨਜ਼ਰ, ਤਾਜਪੁਰ ਰੋਡ ਅਤੇ ਟਿੱਬਾ ਰੋਡ ਫਲਾਈ ਓਵਰ ਦੇ ਡਿਜਾਇਨ 'ਚ ਕਰਵਾਈ ਤਬਦੀਲੀ

ਲੁਧਿਆਣਾ, 16 ਫਰਵਰੀ : ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਸੁਚਾਰੂ ਟ੍ਰੈਫਿਕ ਵਿਵਸਥਾਂ ਦੇ ਮੱਦੇਨਜ਼ਰ, ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਬਣਾਏ ਜਾਣ ਵਾਲੇ ਫਲਾਈ ਓਵਰ ਦੇ ਡਿਜਾਇਨ ਵਿੱਚ ਤਬਦੀਲੀ ਕਰਵਾਈ ਗਈ। ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਫਲਾਈ ਓਵਰ ਦੇ ਮੌਜੂਦਾ ਡਿਜਇਨ ਰਾਹੀਂ ਟ੍ਰੈਫਿਕ ਸਮੱਸਿਆ ਪੈਦਾ ਹੋ ਸਕਦੀ ਹੈ ਜਿਸਦੇ ਤਹਿਤ ਉਨ੍ਹਾਂ ਐਨ.ਐਚ.ਏ.ਆਈ. ਤੋਂ ਏ.ਐਸ.ਸੀ. ਪੰਜਾਬ ਸ੍ਰੀ ਪੁਲਕਤ ਮਾਕਨ ਨਾਲ ਵਿਚਾਰ ਵਟਾਂਦਰਾ ਕਰਦਿਆਂ ਡਿਜਾਇਨ ਨੂੰ ਬਦਲਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਇਹ ਫਲਾਈ ਓਵਰ ਨੈਸ਼ਨਲ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਉਸਾਰਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਭੋਲਾ ਗਰੇਵਾਲ ਦੇ ਨਾਲ ਐਨ.ਐਚ.ਏ.ਆਈ. ਤੋਂ ਏ.ਐਸ.ਸੀ. ਪੰਜਾਬ ਸ੍ਰੀ ਪੁਲਕਤ ਮਾਕਨ ਅਤੇ ਏ.ਸੀ.ਪੀ. ਟ੍ਰੈਫਿਕ ਸ੍ਰੀ ਸਮੀਰ ਵਰਮਾ ਵੀ ਮੌਜੂਦ ਸਨ, ਵਿਧਾਇਕ ਦਲਜੀਤ ਸਿੰੰਘ ਭੋਲਾ ਗਰੇਵਾਲ ਨੇ ਕਿਹਾ ਕਿ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਸਿਰਜਣ ਲਈ ਯਤਨਸ਼ੀਲ ਹਨ ਜਿੱਥੇ ਪੰਜਾਬ ਸੂਬੇ ਦੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਪਾਏ ਵਡਮੁੱਲੇ ਯੋਗਦਾਨ ਰਾਹੀਂ ਆਮ ਆਦਮੀ ਕਲੀਨਿਕ, ਚੰਗੇ ਸਕੂਲ ਖੋਲ੍ਹੇ ਜਾਣਗੇ ਅਤੇ ਵਸਨੀਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ, ਨਸ਼ਾ ਮੁਕਤ ਤੇ ਭੈਅ ਮੁਕਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ।