ਵਿਧਾਇਕ ਬਲੂਆਣਾ ਗੋਲਡੀ ਮੁਸਾਫਿਰ ਨੇ ਘੱਲੂ ਸੇਵਾ ਕੇਂਦਰ ਵਿਖੇ ਲਗਾਇਆ ਬੂਟਾ

  • ਚੰਗੀ ਆਬੋ ਹਵਾ ਦੀ ਪ੍ਰਾਪਤੀ ਲਈ ਰੁੱਖਾਂ ਦੀ ਅਹਿਮ ਮਹੱਤਤਾ-ਵਿਧਾਇਕ ਬਲੂਆਣਾ

ਫਾਜ਼ਿਲਕਾ, 8 ਜੂਨ : ਸ਼ੁੱਧ ਤੇ ਚੰਗੀ ਆਬੋ ਹਵਾ ਦੀ ਪ੍ਰਾਪਤੀ ਲਈ ਆਲਾ-ਦੁਆਲਾ ਹਰਿਆ-ਭਰਿਆ ਹੋਣਾ ਚਾਹੀਦਾ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਵਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਘਲੂ ਦੇ ਸੇਵਾ ਕੇਂਦਰ ਵਿਖੇ ਬੂਟਾ ਲਗਾਉਣ ਮੌਕੇ ਕੀਤਾ। ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਲੜੀ ਤਹਿਤ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਸਭ ਤੋਂ ਪਹਿਲਾਂ ਵਾਤਾਵਰਣ ਦਾ ਸ਼ੁੱਧ ਹੋਣਾ ਲਾਜਮੀ ਹੈ, ਸ਼ੁੱਧ ਮਾਹੌਲ ਦੀ ਪ੍ਰਾਪਤੀ ਵਿਚ ਰੁੱਖ ਬਹੁਤ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਵਾਤਾਵਰਣ ਤਾਂ ਸ਼ੁੱਧ ਹੋਵੇਗਾ ਹੀ, ਇਸ ਨਾਲ ਅਸੀਂ ਕਈ ਘਾਤਕ ਬਿਮਾਰੀਆਂ ਤੋਂ ਵੀ ਬਚੇ ਰਹਾਂਗੇ। ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਸਾਨੂੰ ਨਿਸਵਾਰਥ ਅਨੇਕਾਂ ਲਾਭ ਮੁਹੱਈਆ ਕਰਵਾਉਂਦੇ ਹਨ। ਇਸ ਕਰਕੇ ਸੇਵਾ ਕੇਂਦਰ ਦਾ ਸਮੂਹ ਸਟਾਫ ਵਧਾਈ ਦਾ ਪਾਤਰ ਹੈ ਜੋ ਇਸ ਨੇਕ ਕਾਰਜ ਨੂੰ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਜਯੋਤੀ ਪ੍ਰਕਾਸ਼, ਮਾਸਟਰ ਟ੍ਰੇਨਰ ਕੁਨਾਲ ਗੰਬਰ ਤੋਂ ਇਲਾਵਾ ਪਿੰਡ ਘਲੂ ਸੇਵਾ ਕੇਂਦਰ ਦਾ ਸਟਾਫ ਮੌਜੂਦ ਸੀ।