ਮਿੰਨੀ ਬੱਸ ਨਹਿਰ ਵਿੱਚ ਡਿੱਗੀ, ਡਰਾਈਵਰ-ਕੰਡਕਟਰ ਸਮੇਤ ਪੰਜ ਜ਼ਖਮੀ

ਬਠਿੰਡਾ, 28 ਅਪ੍ਰੈਲ : ਪਿੰਡ ਗੋਬਿੰਦਪੁਰਾ ਨੇੜੇ ਸਰਹਿੰਦ ਨਹਿਰ 'ਚ ਅਚਾਨਕ ਇੱਕ ਮਿੰਨੀ ਬੱਸ ਪਲਟਣ ਨਾਲ ਡਰਾਈਵਰ-ਕੰਡਕਟਰ ਸਮੇਤ 5 ਜਣੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ, ਸਤਨਾਮ ਸਿੰਘ, ਹਰਸ਼ਿਤ ਚਾਵਲਾ ਐਂਬੂਲੈਂਸਾਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਡਰਾਈਵਰ, ਕੰਡਕਟਰ ਅਤੇ ਚਾਰ ਹੋਰਾਂ ਨੂੰ ਬਾਹਰ ਕੱਢਿਆ ਅਤੇ  ਤੁਰੰਤ ਸਿਵਲ ਹਸਪਤਾਲ  ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਬਲਵੀਰ ਸਿੰਘ (36 ਸਾਲ) ਪੁੱਤਰ ਸੁਰਿੰਦਰ ਸਿੰਘ ਵਾਸੀ ਬੀਬੀ ਵਾਲਾ ਜੋ ਬੱਸ ਦਾ ਡਰਾਈਵਰ ਸੀ, ਅਮਨਦੀਪ ਸਿੰਘ (41 ਸਾਲ) ਪੁੱਤਰ ਭਗਵਾਨ ਸਿੰਘ ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ, ਜੋ ਕਿ ਕੰਡਕਟਰ ਸੀ। ਬੱਸ ਵਿੱਚ ਸਵਾਰ ਕੁਲਵੀਰ ਕੌਰ (35 ਸਾਲ) ਪਤਨੀ ਰਾਜਵੀਰ ਸਿੰਘ ਵਾਸੀ ਭਾਗੂ ਰੋਡ, ਮੇਲੋ ਰਾਣੀ (50 ਸਾਲ) ਪਤਨੀ ਬਲਦੇਵ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਅਤੇ ਅਸ਼ੀਸ਼ ਕੁਮਾਰ (3 ਸਾਲ) ਪੁੱਤਰ ਕਾਕਾ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।