ਫਿਰਕੂ- ਫਾਸ਼ੀਵਾਦੀ ਕੇਂਦਰੀ ਹਕੂਮਤ ਅਤੇ ਦੇਸੀ / ਵਿਦੇਸ਼ੀ ਕਾਰਪੋਰੇਟਾਂ ਵਿਰੁੱਧ ਲੋਕ- ਲਹਿਰ ਤੇਜ਼ ਕਰਨ ਦਾ ਸੰਦੇਸ਼ ਮੇਲੇ ਚੋਂ ਗੂੰਜਿਆ 

ਮੁੱਲਾਂਪੁਰ ਦਾਖਾ 9 ਫਰਵਰੀ (ਸਤਵਿੰਦਰ ਸਿੰਘ ਗਿੱਲ) : ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਵੱਲੋਂ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਦੀ 47 ਵੀੰ ਬਰਸੀ ਮੌਕੇ, ਗਦਰੀ ਬਾਬਾ ਗੁਰਮੁਖ ਸਿੰਘ ਸਰਕਾਰੀ ਮਿਡਲ ਸਕੂਲ ਲਲਤੋਂ ਖੁਰਦ ਦੇ ਖੇਡ ਮੈਦਾਨ ਵਿਖੇ ਵਿਸ਼ਾਲ ਦੇਸ਼ ਭਗਤ ਮੇਲਾ ਲਗਾਇਆ ਗਿਆ। ਮੇਲੇ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਅਤੇ ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਦੇ ਆਗੂਆਂ ਨੇ ਸਾਂਝੇ ਤੌਰ ਤੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ-ਚਿਰੰਜੀ ਲਾਲ ਕੰਗਣੀਵਾਲ ਤੇ ਡਾ. ਸੈਲੇਸ਼ (ਦੋਵੇਂ ਜਲੰਧਰ ਕਮੇਟੀ), ਉਜਾਗਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਐਡਵੋਕੇਟ, (ਦੋਵੇਂ ਕੌਮਾਗਾਟਾਮਾਰੂ ਕਮੇਟੀ ) ,ਜੋਰਾ ਸਿੰਘ ਪ੍ਰਧਾਨ ਤੇ ਜਸਦੇਵ ਸਿੰਘ ਲਲਤੋਂ ਸਕੱਤਰ (ਦੋਵੇਂ ਲਲਤੋਂ ਕਮੇਟੀ) ਨੂੰ ਸੁਸ਼ੋਭਿਤ ਕੀਤਾ ਗਿਆ। ਪਹਿਲ ਪ੍ਰਿਥਮੇ ਉਪਰੋਕਤ ਦੇਸ਼ - ਪ੍ਰੇਮੀ ਕਮੇਟੀਆਂ ਅਤੇ  ਹੋਰ ਜਨਤਕ ਜੱਥੇਬੰਦੀਆਂ ਦੇ ਆਗੂਆਂ/ ਵਰਕਰਾਂ ਦੇ ਕਾਫਲੇ ਨੇ ਗਦਰ ਪਾਰਟੀ ਦਾ ਮਹਾਨ ਝੰਡਾ ਲਹਿਰਾਉਣ ਅਤੇ  ਇਨਕਲਾਬੀ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਦੇ ਸੁੰਦਰ ਬੁੱਤ ਨੂੰ ਹਾਰ ਪਹਿਨਾਉਣ ਦੀ ਸੰਜੀਦਾ ਰਸਮ ਅਦਾ ਕੀਤੀ।ਇਸ ਤੋਂ ਬਾਅਦ ਸ.ਸ.ਸ. ਸਕੂਲ ਲਲਤੋਂ ਕਲਾਂ, ਗਦਰੀ ਬਾਬਾ ਗੁਰਮੁਖ ਸਿੰਘ ਸ. ਮਿ.ਸਕੂਲ ਲਲਤੋਂ ਖੁਰਦ, ਸ.ਪ੍ਰ.ਸ.ਲਲਤੋਂ   ਖੁਰਦ ਦੇ ਦਰਜਨਾਂ ਬੱਚੇ/ ਬੱਚੀਆਂ ਨੂੰ ਦੇਸ਼ ਭਗਤੀ, ਸਮਾਜ- ਸੁਧਾਰਕ ਤੇ ਇਨਸਾਨੀ ਗੁਣਾਂ ਤੇ ਇਨਕਲਾਬੀ ਰੰਗ ਵਾਲੇ ਗੀਤਾਂ/ ਕਵਿਤਾਵਾਂ ਰਾਹੀਂ ਸੋਹਣਾ ਤੇ ਸਿੱਖਿਆ ਭਰਪੂਰ  ਮਾਹੌਲ ਸਿਰਜਿਆ। ਲੋਕ-ਕਵੀਸ਼ਰ ਰਾਮ ਸਿੰਘ ਹਠੂਰ ਨੇ ਲੋਕ ਪੱਖੀ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ ।ਉੱਘੇ ਲੇਖਕ ਅਮਰੀਕ ਸ.ਤਲਵੰਡੀ ,ਬਾਲ- ਲੇਖਕ ਕਰਮਜੀਤ ਸ. ਗਰੇਵਾਲ, ਸ. ਉਜਾਗਰ ਸਿੰਘ ਲਲਤੋੰ ਨੇ ਉੱਤਮ ਕਵਿਤਾਵਾਂ ਪੇਸ਼ ਕੀਤੀਆਂ ।  ਪ੍ਰੋਫੈਸਰ ਸੋਮਪਾਲ ਹੀਰਾ ਦੀ ਸੋਲੋ- ਨਾਟਕ- ਟੀਮ ਨੇ ਕਿਸਾਨ ਮੋਰਚਾ ਦਿੱਲੀ ਦੇ ਪ੍ਰਸੰਗ ਵਿੱਚ ਉੱਤਮ ਨਾਟਕ "ਗੋਦੀ ਮੀਡੀਆ" ਰਾਹੀਂ ਇਸ ਦੇ ਹਾਕਮਾਂ ਪੱਖੀ ਤੇ ਕਾਰਪੋਰੇਟਾਂ ਪੱਖੀ ਕੂੜ 'ਤੇ ਆਧਾਰਿਤ ਲੋਕ ਮਾਰੂ ਰੋਲ ਨੂੰ ਨੰਗਾ ਕਰਕੇ ਦਰਸ਼ਕਾਂ ਨੂੰ ਨਵੀਂ ਚੇਤਨਾ ਪ੍ਰਦਾਨ ਕੀਤੀ।ਇਸ ਤੋਂ ਅੱਗੇ ਹਾਕਮ ਜਮਾਤਾਂ ਵੱਲੋਂ ਵਗਾਏ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ "ਸਰਹੱਦਾਂ ਹੋਰ ਵੀ ਨੇ" ਚੋਟੀ ਦੇ ਨਾਟਕ ਰਾਹੀਂ ਹਾਜ਼ਰੀਨਾਂ ਨੂੰ ਭਾਵਕ ਕਰਕੇ, ਇਸ ਨੂੰ ਠੱਲ ਪਾਉਣ ਲਈ ਵੱਡੀ ਲੋਕ ਲਹਿਰ ਉਸਾਰਨ ਲਈ ਵੰਗਾਰਿਆ। ਵੱਖ- ਵੱਖ ਨਾਮਵਾਰ ਆਗੂਆਂ -ਚਿਰੰਜੀ ਲਾਲ ਕੰਗਣੀਵਾਲ, ਡਾ. ਸੈਲੇਸ਼, ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ, ਹਰਦੇਵ ਸਿੰਘ ਮੁੱਲਾਂਪੁਰ, ਜਸਵੰਤ ਜੀਰਖ ,ਨਿਰਮਲ ਸਿੰਘ ਬੱਦੋਵਾਲ, ਗੁਰਦਿਆਲ ਸਿੰਘ ਤਲਵੰਡੀ, ਗੁਰਦਿਆਲ ਸਿੰਘ ਮੰਡਿਆਣੀ, ਮੁਖਤਿਆਰ ਸਿੰਘ ਚੌਂਕੀਮਾਨ ,ਪ੍ਰਿੰਸੀਪਲ ਪ੍ਰਦੀਪ ਕੁਮਾਰ ਜੀ, ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਦੇ ਵਿਲੱਖਣ ਤੇ ਸ਼ਾਨਾ ਮੱਤੇ ਜੀਵਨ ਅਤੇ ਅਣਥੱਕ ਤੇ ਬੇਮਿਸਾਲ ਤਿਆਗ ਤੇ ਕੁਰਬਾਨੀਆਂ ਬਾਰੇ, ਗਦਰ ਪਾਰਟੀ ਦੇ ਮਿਸ਼ਨ ਅਤੇ ਲਹਿਰ ਬਾਰੇ, ਉਹਨਾਂ ਦੇ ਉੱਚੇ ਸੁੱਚੇ ਪ੍ਰੋਗਰਾਮ ਅਤੇ ਵਿਧਾਨ ਬਾਰੇ, ਗਦਰੀ ਬਾਬਿਆਂ ਦੇ ਖਰੀ ਕੌਮੀ ਆਜ਼ਾਦੀ ਤੇ ਸੱਚਾ- ਸੁੱਚਾ ਕੌਮੀ ਜਮਹੂਰੀ ਰਾਜ ਸਿਰਜਣ ਦੇ ਨਿਸ਼ਾਨੇ ਬਾਰੇ , ਉਹਨਾਂ ਦੇ ਅਧੂਰੇ ਕਾਜ਼ ਨੂੰ ਪੂਰਾ ਕਰਨ ਲਈ ਮੌਜੂਦਾ ਕਿਸਾਨ- ਮਜ਼ਦੂਰ ਤੇ ਲੋਕ ਮਾਰੂ ਅਤੇ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਪੱਖੀ ਫਿਰਕੂ ਫਾਸ਼ੀਵਾਦੀ ਰਾਜ ਪ੍ਰਬੰਧ ਦੇ ਖਾਤਮੇ ਅਤੇ ਨਵਾਂ ਨਰੋਆ ਖਰੀ ਆਜ਼ਾਦੀ ਵਾਲਾ ਤੇ ਅਸਲੀ ਲੋਕ ਜਮਹੂਰੀ ਰਾਜ ਪ੍ਰਬੰਧ ਸਿਰਜਣ ਬਾਰੇ ਭਰਪੂਰ ਚਾਨਣਾ ਪਾਇਆ ਅਤੇ ਵਿਸ਼ਾਲ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਸਮੁੱਚੇ ਸਮਾਗਮ ਦੌਰਾਨ ਚਾਹ- ਪਾਣੀ ਸਮੇਤ ਸਮੁੱਚੇ ਲੰਗਰ ਦਾ ਅਟੁੱਟ ਪ੍ਰਵਾਹ ਜਾਰੀ ਰਿਹਾ। ਅੰਤ 'ਚ ਉਜਾਗਰ ਸਿੰਘ ਬੱਦੋਵਾਲ ਨੇ ਸਮੂਹ ਹਾਜ਼ਰੀਨਾਂ ਦਾ ਭਰਪੂਰ ਧੰਨਵਾਦ ਕਰਦਿਆਂ, ਗਦਰੀ ਬਾਬਿਆਂ ਦੇ ਕਾਜ਼ ਨੂੰ ਪੂਰਾ ਕਰਨ ਲਈ ਲਗਾਤਾਰ ਜੂਝਣ ਦਾ ਸੱਦਾ ਦਿੱਤਾ ਹੋਰਨਾਂ ਤੋਂ ਇਲਾਵਾ ਸਾਬਕਾ ਇੰਸਪੈਕਟਰ ਅਮਰ ਸਿੰਘ,ਸਾਬਕਾ ਥਾਣੇਦਾਰ ਗੁਰਚਰਨ ਸਿੰਘ ,ਪ੍ਰੀਤਮ ਸਿੰਘ,ਗੁਰਦੇਵ ਸਿੰਘ ਮੁੱਲਾਂਪੁਰ, ਮੈਡਮ ਨਿਸ਼ਾ ਸ਼ਰਮਾ, ਗੁਰਦੀਪ ਸਿੰਘ, ਸੂਬੇਦਾਰ ਮਲਕੀਤ ਸਿੰਘ, ਰੂਪ ਸਿੰਘ ਖਜ਼ਾਨਚੀ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਰਣਜੀਤ ਸਿੰਘ, ਹਰਜੀਤ ਸਿੰਘ, ਲਖਵੀਰ ਸਿੰਘ, ਜਗਰਾਜ ਸ. ਰਾਜਾ, ਰਬਿੰਦਰ ਸਿੰਘ ਇੰਗਲੈਂਡ, ਚਰਨਜੀਤ ਸਿੰਘ ਨਾਰਵੇ, ਗੁਰਸੇਵਕ ਸ.ਸੋਨੀ ਸਵੱਦੀ, ਮਾਸਟਰ ਮਨਜੀਤ ਸਿੰਘ, ਸੁਖਦੇਵ ਸ. ਕਿਲਾ ਰਾਏਪੁਰ, ਸਾਬਕਾ ਸਰਪੰਚ ਮਹਿੰਦਰ ਸਿੰਘ ਬਿੱਲੂ, ਮਲਕੀਤ ਸ. ਬੱਦੋਵਾਲ ਉਚੇਚੇ ਤੌਰ ਤੇ ਹਾਜ਼ਰ ਸਨ।