ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ' ਮੁਹਿੰਮ, 4 ਆਰ.ਆਰ.ਆਰ. ਸੈਂਟਰਜ਼ ਦਾ ਉਦਘਾਟਨ 

  • ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ, ਮੋਹਾਲੀ ਵੱਲੋਂ ਕਰਵਾਈ ਗਈ ਸ਼ੁਰੂਆਤ

ਐੱਸ.ਏ.ਐੱਸ. ਨਗਰ, 19 ਮਈ : ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ, ਮੋਹਾਲੀ ਵੱਲੋਂ 'ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ' ਜਿਹੜਾ ਕਿ 5 ਜੂਨ ਤੱਕ ਚੱਲਣ ਵਾਲਾ ਪ੍ਰੋਗਰਾਮ ਹੈ,  ਤਹਿਤ 04 ਆਰ ਆਰ ਆਰ ਰੀਸਾਈਕਲ, ਰਡਿਊਸ, ਰੀਯੂਜ਼ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ ਹੈ। ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰਾਂ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਣੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅਨੁਸਾਰ ਐਸ.ਏ.ਐਸ.ਨਗਰ ਸ਼ਹਿਰ ਦੇ ਕਈ ਵਾਸੀਆਂ ਨੂੰ ਘਰ ਵਿੱਚ ਵਾਧੂ ਪਏ ਸਮਾਨ ਦਾ ਨਿਪਟਾਰਾ ਕਰਨ ਵਿੱਚ ਭਾਰੀ ਦਿੱਕਤ ਪੇਸ਼ ਆ ਰਹੀ ਹੈ, ਉਨ੍ਹਾਂ ਦੀ ਸਹੂਲਤ ਲਈ ਉਕਤ ਸੈਂਟਰ ਬਹੁਤ ਲਾਹੇਵੰਦ ਹੋਣਗੇ। ਉਨ੍ਹਾਂ ਅਨੁਸਾਰ ਇਨ੍ਹਾਂ ਸੈਂਟਰਾਂ ਵਿੱਚ ਇੱਕਠਾ ਕੀਤਾ ਸਮਾਨ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਲੋੜ ਮੁਤਾਬਿਕ ਲੈ ਕੇ ਜਾ ਸਕਦਾ ਹੈ। ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਚਾਰ ਕੁਲੈਕਸ਼ਨ ਸੈਂਟਰ ਸੈਕਟਰ 54, 65 ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ ਅਤੇ ਸੈਕਟਰ 56 ਦੇ ਰੈਣ ਬਸੇਰਾ ਵਿਖੇ ਸਥਾਪਤ ਕੀਤੇ ਗਏ ਹਨ। ਜਿੱਥੇ ਐਸ.ਏ.ਐਸ.ਨਗਰ ਵਾਸੀ ਆਪਣਾ ਪੁਰਾਣਾ ਸਮਾਨ ਮੁੜ ਵਰਤੋ ਲਈ ਜਮ੍ਹਾਂ ਕਰਵਾ ਸਕਦੇ ਹਨ। ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਨੇ ਵੱਟਸਐਪ ਨੰਬਰ:- 94637-75070 ਅਤੇ ਟੋਲ ਫ੍ਰੀ ਨੰਬਰ :-18001370007 'ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ। ਸ੍ਰੀਮਤੀ ਕਿਰਨ ਸ਼ਰਮਾ, ਸੰਯੁਕਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।