ਘੁਡਾਣੀ ਕਲਾਂ ਵਿਖੇ ਮੈਗਾ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਆਯੋਜਿਤ

  • ਵਿਧਾਇਕ ਗਿਆਸਪੁਰਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ

ਪਾਇਲ, 22 ਸਤੰਬਰ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਅਤੇ ਹਲਕਾ ਪਾਇਲ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾਂ ਸਦਕਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਸਹਿਯੋਗ ਨਾਲ ਹਲਕਾ ਪਾਇਲ ਦੇ ਨੌਜਵਾਨਾਂ ਲਈ ਚੰਗੀ ਨੌਕਰੀ ਉਪਲਬਧ ਕਰਵਾ ਕੇ ਉਨ੍ਹਾਂ ਦੇ ਭਵਿੱਖ ਸੁਧਾਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਉਪਰਾਲੇ ਅਧੀਨ ਚਾਹਵਾਨ ਪ੍ਰਾਰਥੀਆਂ ਲਈ ਜੀ.ਕੇ. ਰਿਜੋਰਟ, ਰਾੜਾ ਸਾਹਿਬ ਰੋਡ, ਘੁਡਾਣੀ ਕਲਾਂ, ਜਿ: ਲੁਧਿਆਣਾ ਵਿਖੇ ਮੈਗਾ ਰੋਜ਼ਗਾਰ ਅਤੇ ਸਵੈ ਰੋਜ਼ਗਾਰ (ਲੋਨ ਮੇਲਾ) ਲਗਾਇਆ ਗਿਆ ਜਿਸ ਵਿੱਚ ਲੱਗਭੱਗ 275 ਪ੍ਰਾਰਥੀਆਂ ਨੇ ਹਿੱਸਾ ਲਿਆ ਹੈ। ਇਸ ਮੌਕੇ ਹਲਕਾ ਪਾਇਲ ਵਿਧਾਇਕ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਖ ਮਹਿਮਾਨ ਵਜੌ ਸ਼ਿਰਕਤ ਕੀਤੀ। ਮਿਸ ਸੁਖਮਨ ਮਾਨ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਲੁਧਿਆਣਾ (EGSDTO) ਵੀ ਮਹਿਮਾਨ ਵਜੋਂ ਮੌਜੂਦ ਸਨ। ਇਸ ਮੁਹਿੰਮ ਲਈ ਹਲਕਾ ਪਾਇਲ ਦੇ ਪ੍ਰਾਰਥੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚ ਐਸ.ਬੀ.ਆਈ., ਸਵਤੰਤਰ ਫਾਇਨਾਂਸ, ਭਾਰਤੀ ਫਾਊਂਡੇਸ਼ਨ, ਰਿਲਾਇੰਸ ਨਿਪੋਨ ਲਾਈਫ ਇੰਸੋਰੈਂਸ਼, ਅਲਫਾ ਪਾਵਰ, ਐਚ.ਡੀ.ਬੀ. ਫਾਇਨਾਂਸ਼ੀਅਲ, ਵਾਸਟ ਲਿੰਕਰਜ, ਟਾਈਮਜ ਪਰੋ, ਅਦਿਤਿਆ ਬਿਰਲਾ ਸਨ ਲਾਈਫ, ਆਈ.ਆਈ.ਐਫ.ਐਮ. ਫਿਨਕੋਚ, ਐਨ.ਆਈ.ਆਈ.ਟੀ., ਗ੍ਰੇਟਿਸ ਇੰਡੀਆ (ਟੀ.ਡੀ.ਐਸ.), ਯੂਨੀਕੋ ਫਰਮਾ, ਫਲਿੱਪਕਾਰਟ, ਕੁਐਸ ਕਾਰਪ (ਐਕਸਿਸ ਬੈਂਕ), ਐਲ.ਆਈ.ਸੀ., ਸਟਾਰ ਹੈਲਥ, ਏਕਮ ਕੰਸਲਟੈਂਟਸ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਵਲੋਂ 500 ਤੋਂ ਵੱਧ ਅਸਾਮੀਆਂ ਕੱਢੀਆਂ ਗਈਆਂ। ਇਸ ਮੇਲੇ ਵਿੱਚ ਸਵੈ-ਰੋੋਜ਼ਗਾਰ ਲਈ ਡੈਅਰੀ ਵਿਭਾਗ, ਮੱਛੀ ਪਾਲਣ ਵਿਭਾਗ, ਐਲ.ਡੀ.ਐਮ. ਅਤੇ ਖੇਤੀਬਾੜੀ ਵਿਭਾਗ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ਼੍ਰੀ ਦੀਪਕ ਭੱਲਾ ਨੇ ਪ੍ਰਾਰਥੀਆਂ ਦਾ ਮਾਰਗ ਦਰਸ਼ਨ ਕੀਤਾ। ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ, ਲੁਧਿਆਣਾ ਦੇ ਸਟਾਫ ਵੱਲੋਂ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ।