ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੰਬਾਇਨ ਮਾਲਕਾਂ ਨਾਲ ਕੀਤੀ ਮੀਟਿੰਗ

ਫਰੀਦਕੋਟ 8 ਅਗਸਤ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ ਤਹਿਤ ਐਸ.ਡੀ.ਐਮ. ਜੈਤੋ ਸ੍ਰੀ ਨਿਰਮਲ ਉਸਪੇਚਨ ਅਤੇ ਮੈਡਮ ਤੁਸ਼ਿਤਾ ਗੁਲਾਟੀ ਸਹਾਇਕ ਕਮਿਸ਼ਨਰ ਜਰਨਲ ਫਰੀਦਕੋਟ ਦੀ ਪ੍ਰਧਾਨਗੀ ਹੇਠ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ, ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਕਬਾਇਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਡਾ. ਗਿੱਲ ਵੱਲੋਂ ਜਿਲ੍ਹੇ ਦੇ ਸਮੂਹ ਕੰਬਾਇਨ ਮਾਲਕਾਂ ਨੂੰ ਸੁਪਰ ਐਸ.ਐਮ.ਐਸ. ਲਗਾਉਣ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਪਰਾਲੀ ਨੂੰ ਜਮੀਨ ਵਿੱਚ ਸਾਂਭਣ ਲਈ ਸਭ ਤੋਂ ਪਹਿਲਾਂ ਸੁਪਰ ਐਸ.ਐਮ.ਐਸ. ਲਗਾ ਕੇ ਹੀ ਕਬਾਇਨਾਂ ਨਾਲ ਝੋਨੇ ਬਾਸਮਤੀ ਦੀ ਵਾਢੀ ਕੀਤੀ ਜਾਵੇ, ਤਾਂ ਜੋ ਕਣਕ ਦੀ ਹੈਪੀ ਸੀਡਰ/ਸੁਪਰ ਸੀਡਰ/ ਸਮਾਰਟ ਸੀਡਰ ਨਾਲ ਸਹੀ ਢੰਗ ਨਾਲ ਬਿਜਾਈ ਕੀਤੀ ਜਾ ਸਕੇ। ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ ਸਮੂਹ ਕੰਬਾਇਨ ਮਾਲਕਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਬਾਇਨਾਂ ਨਾਲ ਝੋਨੇ ਬਾਸਮਤੀ ਦੀ ਵਾਢੀ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ ਸਬੰਧੀ ਜਾਣਕਾਰੀ ਦਿੱਤੀ। ਇੰਜ. ਅਕਸ਼ਿਤ ਜੈਨ ਵੱਲੋਂ ਕਬਾਇਨ ਮਾਲਕਾਂ ਨੂੰ ਦੱਸਿਆ ਗਿਆ ਕਿ ਸੁਪਰ ਐਸ.ਐਮ.ਐਸ. ਨੂੰ ਸਬਸਿਡੀ ਤੇ ਲਗਵਾਉਣ ਲਈ ਪੋਰਟਲ ਤੇ ਅਪਲਾਈ ਕਰਨ ਦਾ ਸਮਾਂ 15 ਅਗਸਤ ਤੱਕ ਦਾ ਹੈ, ਸੋ ਜੇਕਰ ਕਿਸੇ ਵੀ ਵਿਅਕਤੀ ਨੇ ਇਸ ਸਹੂਲਤ ਦਾ ਲਾਭ ਲੈਣਾ ਹੈ ਤਾਂ ਮਿੱਥੇ ਸਮੇਂ ਤਕ agrimachinerypb.com  ਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕੰਬਾਇਨ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਸ੍ਰੀ ਨਿਰਮਲ ਓਸੇਪਚਨ ਅਤੇ ਮਿਸ ਤੁਸ਼ਿਤਾ ਗੁਲਾਟੀ ਵੱਲੋਂ ਸਮੂਹ ਕੰਬਾਇਨ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀ ਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਕਿਹਾ ਗਿਆ ਅਤੇ ਹਰੇਕ ਕੰਬਾਇਨ ਮਗਰ ਸੁਪਰ ਐਸ.ਐਮ.ਐਸ. ਲਗਾਉਣ ਸਬੰਧੀ ਹਦਾਇਤ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਰਮਨਦੀਪ ਸਿੰਘ, ਡਾ. ਲਖਵੀਰ ਸਿੰਘ, ਡਾ. ਅਸ਼ਵਨੀ ਕੁਮਾਰ (ਸਾਰੇ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ) ਅਤੇ ਵੱਡੀ ਗਿਣਤੀ ਵਿਚ ਜਿਲੇ ਦੇ ਕਬਾਇਨ ਮਾਲਕ ਹਾਜ਼ਰ ਸਨ।