ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਭਾਰਤ ਬੰਦ ਦੀ ਤਿਆਰੀ ਲਈ ਮੀਟਿੰਗ

ਮੁੱਲਾਂਪੁਰ ਦਾਖਾ 7 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ, ਮਜ਼ਦੂਰ,ਮੁਲਾਜ਼ਮ, ਟਰਾਂਸਪੋਰਟ,ਵਿਦਿਆਰਥੀ ਅਤੇ ਦੁਕਾਨਦਾਰ ਆਦਿ ਜੱਥੇਬੰਦੀਆਂ  ਵੱਲੋਂ 16 ਫਰਵਰੀ ਨੂੰ ਸਾਂਝੇ ਤੌਰ 'ਤੇ ਭਾਰਤ ਬੰਦ ਕਰਨ ਦੇ ਸੱਦੇ ਦੀ ਹਿਮਾਇਤ ਵਿੱਚ  ਅੱਜ ਪੇਂਡੂ ਮਜ਼ਦੂਰ ਯੂਨੀਅਨ ਲੁਧਿਆਣਾ (ਦਿਹਾਤੀ) ਦੀ ਮੀਟਿੰਗ ਸੁਖਦੇਵ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਅਗਵਾੜ ਲਧਾਈ ਜਗਰਾਉਂ ਵਿਖੇ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਟੂਸੇ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਇਕਬਾਲ ਸਿੰਘ ਬੋਪਾਰਾਏ, ਬਲਬੀਰ ਸਿੰਘ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ,16 ਫਰਵਰੀ ਦਾ ਭਾਰਤ ਬੰਦ ਦੇਸ਼ ਦੇ ਖੇਤੀ ਖੇਤਰ, ਸਨਅਤੀ ਖੇਤਰ, ਸਿੱਖਿਆ, ਸਿਹਤ, ਟਰਾਂਸਪੋਰਟ, ਰੇਲਵੇ ਅਤੇ ਬਿਜਲੀ ਸਮੇਤ ਹੋਰ ਪਬਲਿਕ ਸੈਕਟਰ ਉੱਪਰ ਕੀਤੇ ਜਾ ਰਹੇ ਹਮਲੇ ਅਤੇ ਕਾਰਪੋਰੇਟ ਪੱਖੀ ਤਾਨਾਸ਼ਾਹੀ ਨੀਤੀਆਂ ਨਾਲ ਦੇਸ਼ ਦੇ ਵਿੱਢੇ ਗਏ ਚਹੁੰ ਤਰਫੀ ਉਜਾੜੇ ਵਿਰੁੱਧ ਲੋਕਾਂ ਦੇ ਰੋਹ ਦਾ ਪ੍ਰਗਟਾਵਾ ਕਰੇਗਾ। ਕਿਉਂਕਿ ਭਾਜਪਾ ਹਕੂਮਤ ਵੱਲੋਂ ਧਰਮ ਦੀ ਆੜ ਹੇਠ ਫਿਰਕਾਪ੍ਰਸਤੀ ਨੂੰ ਉਭਾਰ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨਾਲ ਵਿਸ਼ਵਾਸਘਾਤ ਕੀਤਾ ਹੈ, ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰ ਵਰਗ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਹੈ, ਇਸੇ ਤਰ੍ਹਾਂ ਅਗਨੀਵੀਰ ਸਕੀਮ ਅਤੇ ਕੌਮੀ ਸਿੱਖਿਆਂ ਨੀਤੀ 2020 ਆਦਿ ਲੋਕ ਵਿਰੋਧੀ ਨੀਤੀਆਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਭਾਰਤ ਬੰਦ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਮਜ਼ਦੂਰਾਂ ਨੂੰ ਮਜ਼ਦੂਰ ਮੰਗਾਂ ਮਸਲੇ ਤੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੰਦਿਆਂ ਮੰਗ ਕਰੇਗੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ  ਵਿਰੋਧੀ ਸੋਧਾਂ ਵਾਪਿਸ ਲੈਣ, ਲੈਂਡ ਸੀਲਿੰਗ ਐਕਟ ਤਹਿਤ ਵਾਧੂ ਜ਼ਮੀਨ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡਣ, ਰਾਖਵੀਂ ਪੰਚਾਇਤੀ ਜ਼ਮੀਨ ਦਾ ਪ੍ਰਬੰਧ ਗਰੀਬ ਦਲਿਤ ਸਮਾਜ ਨੂੰ ਪੱਕੇ ਤੌਰ ਤੇ ਦੇਣ, ਹਰ ਲੋੜਬੰਦ ਮਜ਼ਦੂਰ ਪਰਿਵਾਰ ਨੂੰ 10 ਮਰਲੇ ਦਾ ਪਲਾਟ ਦੇਣ,ਚਿੱਪ ਵਾਲੇ ਬਿਜਲੀ ਮੀਟਰ ਨਾ ਲਾਉਣ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਅਤੇ ਜਰਨਲ ਵਿੱਚ ਪਾ ਕੇ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਰੱਦ ਕੀਤੇ ਜਾਣ ਪੀਡੀਐਸ ਨੂੰ ਸੁਜੱਚਾ ਬਣਾ ਕੇ ਜ਼ਰੂਰੀ ਵਸਤਾਂ ਮਜ਼ਦੂਰਾਂ ਨੂੰ ਸਪਲਾਈ ਕੀਤੀਆਂ ਜਾਣ,ਅਤੇ ਹਰ ਮਜ਼ਦੂਰ ਪਰਿਵਾਰ ਨੂੰ ਨੀਲਾ ਕਾਰਡ ਜਾਰੀ ਕੀਤਾ ਜਾਵੇ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜ਼ਿਲੇ ਦੇ ਹਰ ਪਿੰਡ ਵਿੱਚ ਮਜ਼ਦੂਰਾਂ ਤੱਕ ਪਹੁੰਚ ਕਰਕੇ 16 ਫਰਵਰੀ ਦੇ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਵੇਗੀ।