ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ ਦੇ ਹੱਕਾਂ ਦੀ ਰਾਖੀ ਲਈ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਆਯੋਜਿਤ

  • ਸੀਨੀਅਰ ਸਿਟੀਜਨ ਸਾਡੇ ਸਮਾਜ ਦਾ ਵਡਮੁੱਲਾ ਸਰਮਾਇਆ - ਸੰਦੀਪ ਕੁਮਾਰ*
  • ਕਿਹਾ! ਐਲਡਰਲਾਈਨ 14567 'ਤੇ ਹਰ ਸਮੱਸਿਆ ਦੇ ਹੱਲ ਲਈ ਸੰਪਰਕ ਕਰਨ ਸੀਨੀਅਰ ਸਿਟੀਜਨ'

ਲੁਧਿਆਣਾ, 01 ਅਗਸਤ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ ਦੇ ਹੱਕਾ ਦੇ ਰਾਖੀ ਲਈ ਬਣੀ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਆਯੋਜਿਤ। ਉਨ੍ਹਾਂ ਸਮੂਹ ਸੀਨੀਅਰ ਸਿਟੀਜਨ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਐਲਡਰਲਾਈਨ 14567 'ਤੇ ਸੰਪਰਕ ਕਰਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵਲੋਂ ਸੀਨੀਅਰ ਸਿਟੀਜ਼ਨਜ਼ ਨੂੰ ਦਰਪੇਸ਼ ਮੁਸ਼ਕਲਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ, ਨਵਾਂ ਖਾਤਾ ਖੋਲ੍ਹਣਾ, ਸੀਨੀਅਰ ਸਿਟੀਜ਼ਨਾਂ ਲਈ ਸੇਵਾ ਕੇਂਦਰਾਂ, ਹਸਪਤਾਲਾਂ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾ ਵਿੱਚ ਵੱਖਰੀਆਂ ਕਤਾਰਾਂ ਦਾ ਪ੍ਰਬੰਧ ਕਰਨ ਬਾਰੇ ਵਿਸ਼ੇਸ਼ ਤੌਰ 'ਤੇ ਨੋਟਿਸ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਰੈਵੇਨਿਊ ਕੇਸਾਂ ਦੀ ਬਜਾਏ ਸੀਨੀਅਰ ਸਿਟੀਜ਼ਨ ਦੇ ਕੇਸਾਂ ਦੀ ਪਹਿਲ ਦੇ ਆਧਾਰ 'ਤੇ ਸੁਣਵਾਈ ਕਰਨ ਅਤੇ ਸੀਨੀਅਰ ਸਿਟੀਜਨ ਦੇ ਬੈਠਣ ਲਈ ਆਪਣੀਆਂ ਅਦਾਲਤਾਂ ਦੇ ਬਾਹਰ ਢੁਕਵੇਂ ਪ੍ਰਬੰਧ ਕਰਨ। ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਐਕਟ 2007 ਦੇ ਨੁਕਤਾ ਨੰਬਰ 20 ਡਾਕਟਰੀ ਦੇਖਭਾਲ ਅਤੇ ਐਕਟ ਦੇ ਨੁਕਤਾ ਨੰਬਰ 21 ਜੀਵਨ ਅਤੇ ਜਾਇਦਾਦ ਦੀ ਸੁਰੱਖਿਆ 'ਤੇ ਵੀ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਵੱਲੋ ਹਾਜ਼ਰ ਸਮੂਹ ਮੈਂਬਰਾ ਨੂੰ ਮਾਤਾ-ਪਿਤਾ ਅਤੇ ਸੀਨੀਅਰ ਸਿਟੀਜਨ ਦੀ ਸਾਂਭ ਸੰਭਾਲ ਅਤੇ ਭਲਾਈ ਐਕਟ 2007 ਬਾਰੇ ਵਿਸਥਾਰ ਪੂਰਵਕ ਜਾਣੂੰ ਕਰਵਾਇਆ ਗਿਆ। ਫੀਲਡ ਰਿਸਪਾਂਸ ਅਫਸਰ ਸ਼੍ਰੀ ਗਗਨਦੀਪ ਸਿੰਘ ਵਲੋਂ ਸੀਨੀਅਰ ਸਿਟੀਜ਼ਨਜ਼ ਐਕਟ 2007 ਦੇ ਤਹਿਤ ਐਲਡਰ ਲਾਈਨ ਟੋਲ ਫਰੀ ਨੰਬਰ 14567 ਬਾਰੇ ਵਿਸਤਥਾਰ ਪੂਰਵਕ ਚਾਨਣਾ ਪਾਇਆ ਗਿਆ। ਮੀਟਿੰਗ ਦੌਰਾਨ ਸਵੇਰ ਅਤੇ ਸ਼ਾਮ ਦੀ ਸੈਰ ਦੌਰਾਨ ਸੀਨੀਅਰ ਸਿਟੀਜਨ ਦੀ ਸੁਰੱਖਿਆ ਅਤੇ ਸਿਹਤ ਸਬੰਧੀ ਹੋਰ ਅਹਿਮ ਮੁੱਦਿਆਂ ਅਤੇ ਸੇਵਾਮੁਕਤ ਵਿਅਕਤੀਆਂ ਦੇ ਮੈਡੀਕਲ ਬਿੱਲਾਂ ਦੀ ਭਰਪਾਈ ਸਬੰਧੀ ਵਿਭਾਗਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸੇਵਾਮੁਕਤ ਸੀਨੀਅਰ ਆਈ.ਏ.ਐਸ. ਅਧਿਕਾਰੀ ਸ਼੍ਰੀ ਐਸ.ਪੀ. ਕਰਕਰਾ, ਸੁਰੇਸ਼ ਚੌਧਰੀ, ਵੀ.ਆਰ.ਟੀ.ਸੀ. ਤੋਂ ਸਾਰਾ ਜੌਨਸਨ, ਸਿਹਤ ਵਿਭਾਗ ਤੋਂ ਡਾ. ਹਰਪ੍ਰੀਤ ਸਿੰਘ, ਗੁਰੂ ਅਮਰਦਾਸ ਆਸ਼ਰਮ ਤੋਂ ਸ. ਚਰਨ ਸਿੰਘ, ਵਿਵੇਕਾਨੰਦ ਆਸ਼ਰਮ ਤੋਂ ਦੀਪਿਕਾ, ਹੈਲਪਏਜ਼ ਇੰਡੀਆ ਦੀ ਐਲਡਰਲਾਈਨ/ਹੈਲਪਲਾਈਨ ਤੋਂ ਸ਼੍ਰੀ ਗਗਨਦੀਪ ਸਿੰਘ ਅਤੇ ਪੰਜਾਬ ਪੁਲਿਸ ਤੋਂ ਇੰਸਪੈਕਟਰ ਦਵਿੰਦਰ ਕੌਰ ਵੀ ਸ਼ਾਮਲ ਹੋਏ।