ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗਾਂ ਨੂੰ ਰੋਕਣ ਲਈ ਐਮ ਸੀ ਮੋਹਾਲੀ ਅਤੇ ਪੀ ਪੀ ਸੀ ਬੀ ਨੇ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੁਲਾਈ : ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ 'ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਧਿਕਾਰੀਆਂ ਅਤੇ ਨਗਰ ਨਿਗਮ ਮੋਹਾਲੀ ਦੀ ਇੱਕ ਸਾਂਝੀ ਟੀਮ ਨੇ ਇੱਕ ਪਲਾਸਟਿਕ ਕੈਰੀ ਬੈਗ ਨਿਰਮਾਤਾ 'ਤੇ ਛਾਪਾ ਮਾਰਿਆ ਅਤੇ 500 ਕਿਲੋਗ੍ਰਾਮ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ, ਆਸ਼ਿਕਾ ਜੈਨ ਨੇ ਦੱਸਿਆ ਕਿ ਪੀ.ਪੀ.ਸੀ.ਬੀ (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਅਤੇ ਸਥਾਨਕ ਸ਼ਹਿਰੀ ਸੰਸਥਾਵਾਂ ਵੱਲੋਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਸਮੀਖਿਆ ਮੀਟਿੰਗ ਦੌਰਾਨ ਨਿਰੀਖਣ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਂਦੀ ਹੈ। ਵਾਤਾਵਰਣ ਇੰਜੀਨੀਅਰ, ਪੀ.ਪੀ.ਸੀ.ਬੀ, ਮੋਹਾਲੀ, ਗੁਰਸ਼ਰਨ ਦਾਸ ਗਰਗ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਪੀ.ਪੀ.ਸੀ.ਬੀ ਨੇ ਫੇਜ਼-9, ਉਦਯੋਗਿਕ ਖੇਤਰ, ਮੋਹਾਲੀ ਵਿਖੇ ਸਥਿਤ ਉਦਯੋਗ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਉਦਯੋਗ ਨੇ ਆਪਣੇ ਅਹਾਤੇ ਵਿੱਚ ਵੱਡੀ ਮਾਤਰਾ ਵਿੱਚ ਰੀਸਾਈਕਲ ਕੀਤੇ ਪਲਾਸਟਿਕ ਕੈਰੀ ਬੈਗ ਸਟੋਰ ਕੀਤੇ ਹੋਏ ਹਨ ਅਤੇ ਇਸ ਲਈ ਪਲਾਸਟਿਕ ਕੈਰੀ ਬੈਗ ਜ਼ਬਤ ਕਰਨ ਅਤੇ ਚਲਾਨ ਕਰਨ ਲਈ ਐਮ.ਸੀ. ਮੋਹਾਲੀ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ।  ਉਨ੍ਹਾਂ ਕਿਹਾ ਕਿ ਰਾਜ ਵਿੱਚ 01.04.2016 ਤੋਂ ਪਲਾਸਟਿਕ ਕੈਰੀ ਬੈਗ ਦੇ ਨਿਰਮਾਣ, ਸਟੋਰੇਜ, ਰੀਸਾਈਕਲਿੰਗ, ਵੰਡ, ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਪਲਾਸਟਿਕ ਦੇ ਕੈਰੀ ਬੈਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਬਾਜ਼ਾਰ ਜਾਣ ਸਮੇਂ ਜੂਟ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ।