ਅਤਿਵਾਦ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ ਐਮ.ਬੀ.ਬੀ.ਐਸ. ਦੀਆਂ ਸੀਟਾਂ ਕੀਤੀਆਂ ਰਾਖਵੀਆਂ

ਫ਼ਤਹਿਗੜ੍ਹ ਸਾਹਿਬ, 09 ਸਤੰਬਰ 2024 : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਵਿਦਿਅਕ ਸੈਸ਼ਨ 2024-25 ਦੌਰਾਨ ਵੱਖ-ਵੱਖ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਕੇਂਦਰੀ ਪੂਲ ਰਾਹੀਂ ਐਮ.ਬੀ.ਬੀ.ਐਸ. ਦੀਆਂ 4 ਸੀਟਾਂ ਅਤਿਵਾਦ  ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰਨ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਸੀਟਾਂ ਤਹਿਤ ਏ.ਐਨ. ਮਗਧ ਮੈਡੀਕਲ ਕਾਲਜ਼ ਗਯਾ, ਬਿਹਾਰ ਵਿੱਚ 01 ਸੀਟ, ਗ੍ਰਾਂਟ ਮੈਡੀਕਲ ਕਾਲਜ, ਮੁੰਬਈ,  ਮਹਾਰਾਸ਼ਟਰ ਵਿੱਚ 01 ਸੀਟ ਅਤੇ ਪੰਡਤ ਜਵਾਹਰ ਲਾਲ ਨਹਿਰੂ ਮੈਮੋਰੀਅਲ ਮੈਡੀਕਲ ਕਾਲਜ ਰਾਏਪੁਰ, ਛੱਤੀਗੜ੍ਹ ਵਿਖੇ 02 ਸੀਟਾਂ ਭਰੀਆਂ ਜਾਣਗੀਆਂ। ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਅਤਿਵਾਦ ਦਾ ਸ਼ਿਕਾਰ ਜਾਂ ਅਤਿਵਾਦ ਦੌਰਾਨ ਅਪੰਗ ਹੋਏ ਵਿਅਕਤੀ ਦਾ ਜੀਵਨ ਸਾਥੀ ਜਾਂ ਬੱਚੇ ਹੋਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੇ ਮਾਂ ਤੇ ਬਾਪ (ਦੋਵੇਂ) ਅਤਿਵਾਦ ਦੌਰਾਨ ਮਾਰੇ ਗਏ ਹੋਣ ਜਾਂ ਜਿਹੜੇ ਬੱਚਿਆਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਅਤਿਵਾਦ ਦੌਰਾਨ ਮਾਰੇ ਗਏ ਹੋਣਗੇ ਜਾਂ ਪਰਿਵਾਰ ਲਈ ਰੋਟੀ ਕਮਾਉਣ ਵਾਲੇ ਇੱਕੋ ਇੱਕ ਵਿਅਕਤੀ ਅਤਿਵਾਦ ਦੌਰਾਨ ਮਾਰੇ ਗਏ ਹੋਣ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ।