ਸ਼ੁਧ ਤੇ ਹਰੇ-ਭਰੇ ਵਾਤਾਵਰਣ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਲਗਾਏ ਜਾਣ ਬੂਟੇ - ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਟਿਉਬਵੈਲਾਂ ਦੇ ਆਲੇ—ਦੁਆਲੇ 3 ਬੂਟੇ ਲਗਾਉਣ ਦੀ ਅਪੀਲ

ਫਾਜ਼ਿਲਕਾ,  11 ਅਗਸਤ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦੇ ਮੰਤਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਕਿਸਾਨ ਭਰਾਵਾਂ ਨੂੰ ਨਾਲ ਜੋੜਦਿਆਂ ਜਿੰਮੀਦਾਰਾਂ ਨੂੰ ਆਪਣੇ ਖੇਤਾਂ ਅੰਦਰ ਟਿਉਬਵੈਲਾਂ ਦੇ ਆਲੇ-ਦੁਆਲੇ 3 ਬੁਟੇ ਪ੍ਰਤੀ ਟਿਉਬਵੈਲ ਲਗਾਉਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਮੀਦਾਰ ਭਰਾਵਾਂ ਨੂੰ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬੁਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਖੇਤਾਂ ਵਿਚ ਟਿਉਬਵੈਲ ਦੇ ਆਲੇ—ਦੁਆਲੇ ਪ੍ਰਤੀ ਟਿਉਬਵੈਲ 3 ਬੁਟੇ ਲਗਾਉਣ ਅਤੇ ਵਾਤਾਵਰਣ ਨੂੰ ਸ਼ੁਧ ਬਣਾਉਣ ਵਿਚ ਆਪਣਾ ਬਣਦਾ ਯੋਗਦਾਨ ਅਦਾ ਕਰਨ। ਉਨ੍ਹਾਂ ਕਿਹਾ ਕਿ ਆਲਾ—ਦੁਆਲਾ ਹਰਿਆ—ਭਰਿਆ ਹੋਣ ਨਾਲ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ ਹੈ ਸਗੋ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਇਹ ਬੁਟੇ ਵਣ ਵਿਭਾਗ ਦੀਆਂ ਨਰਸੀਆਂ ਤੋਂ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਵਣ ਵਿਭਾਗ ਫਾਜ਼ਿਲਕਾ ਰੇਜ਼ ਦੀ ਫਾਜ਼ਿਲਕਾ ਨਰਸਰੀ, ਚਾਨਣ ਵਾਲਾ ਨਰਸਰੀ, ਰੱਤਾ ਖੇੜਾ, ਚੱਕ ਸੈਦੋ ਕੇ, ਲਾਧੂਕਾ, ਚੱਕ ਪੱਖੀ, ਨੁਕੇਰੀਆ, ਕਾਹਣੇ ਵਾਲਾ ਅਤੇ ਚੱਕ ਸਰਕਾਰ ਮੁਹਾਜੀ ਬੱਘੇ ਕੇ ਨਰਸਰੀਆ ਤੋਂ ਇਹ ਬੂਟੇ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਪ੍ਰਾਪਤੀ ਲਈ ਦਫਤਰ ਵਣ ਰੇਜ ਅਫਸਰ ਫਾਜ਼ਿਲਕਾ ਮਲੋਟ ਰੋਡ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰਿਆਂ ਨੂੰ ਵਾਤਾਵਰਨ ਪ੍ਰੇਮੀ ਬਣਨਾ ਚਾਹੀਦਾ ਹੈ ਤੇ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ ਹਰ ਇਕ ਨੂੰ ਬੂਟਾ ਲਗਾਉਣਾ ਚਾਹੀਦਾ ਹੈ ਤੇ ਉਸਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।