ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਉਪਰਾਲੇ ਲਾਜ਼ਮੀ: ਦਮਨਜੀਤ ਸਿੰਘ ਮਾਨ

  • ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਤੇ ਜ਼ਿੰਦਗੀ ਨੂੰ ਬਿਹਤਰ ਬਨਾਉਣ ਦੇ ਟੀਚੇ ਨੂੰ ਲੈ ਕੇ 07 ਵਿਸ਼ਿਆਂ 'ਤੇ ਅਧਾਰਤ ਪ੍ਰੋਗਰਾਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
  • ਵਾਤਾਵਰਨ ਦੀ ਸੰਭਾਲ ਤੇ ਸੁਚੱਜੀ ਜੀਵਨ ਜਾਚ ਅਪਨਾਉਣ ਹਿਤ ਸਹੁੰ ਵੀ ਚੁੱਕੀ

ਐੱਸ.ਏ.ਐੱਸ. ਨਗਰ, 27 ਮਈ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਮੌਸਮੀ ਤਬਦੀਲੀ ਬਾਰੇ ਮੰਤਰਾਲੇ ਵੱਲੋਂ ਵਾਤਾਵਰਨ ਤੇ ਜ਼ਿੰਦਗੀ ਨੂੰ ਬਿਹਤਰ ਬਨਾਉਣ ਦੇ ਟੀਚੇ ਨੂੰ ਲੈ ਕੇ 07 ਵਿਸ਼ਿਆਂ 'ਤੇ ਅਧਾਰਤ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਊਰਜਾ ਦੀ ਬੱਚਤ, ਪਾਣੀ ਦੀ ਬੱਚਤ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ, ਸਿਹਤਮੰਦ ਜੀਵਨ ਜਾਚ ਅਪਨਾਉਣ ਅਤੇ ਈ-ਵੇਸਟ ਘਟਾਉਣਾ ਸ਼ਾਮਲ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵਿਸ਼ਿਆਂ ਸਬੰਧੀ ਕਰੀਬ 75 ਟੀਚਿਆਂ ਦੀ ਪ੍ਰਾਪਤੀ ਹਿਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਪੂਰਨ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸ਼੍ਰੀ ਦਮਨਜੀਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਉਪਰਾਲੇ ਕਰਨ ਅਤੇ ਇਨ੍ਹਾਂ ਵਿਸ਼ਿਆਂ ਦੀ ਅਹਿਮੀਅਤ ਬਾਬਤ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇ ਮੌਜੂਦਾ ਪੀੜ੍ਹੀ ਨੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਇਹ ਪੀੜ੍ਹੀ ਜਿੱਥੇ ਖੁਦ ਵੱਡੀਆਂ ਮੁਸ਼ਕਲਾਂ ਵਿੱਚ ਘਿਰ ਜਾਵੇਗੀ, ਉਥੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਵੱਡੀਆਂ ਔਕੜਾਂ ਖੜ੍ਹੀਆਂ ਹੋ ਜਾਣਗੀਆਂ। ਮੀਟਿੰਗ ਦੇ ਅੰਤ ਵਿੱਚ ਹਾਜ਼ਰੀਨ ਵੱਲੋਂ ਵਾਤਾਵਰਨ ਦੀ ਸੰਭਾਲ ਤੇ ਸੁਚੱਜੀ ਜੀਵਨ ਜਾਚ ਅਪਨਾਉਣ ਹਿਤ ਸਹੁੰ ਵੀ ਚੁੱਕੀ ਗਈ।