ਕੈਂਸਰ ਦੀਆਂ ਕਈ ਕਿਸਮਾਂ ਦਾ ਸ਼ੁਰੂਆਤੀ ਪੜਾਅ 'ਤੇ ਪਤਾ ਲੱਗਣ 'ਤੇ 100% ਇਲਾਜਯੋਗ : ਸੰਜੀਵ ਅਰੋੜਾ


ਲੁਧਿਆਣਾ : ਦੇਸ਼ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇਸ ਘਾਤਕ ਬਿਮਾਰੀ ਦੀ ਜਲਦੀ ਜਾਂਚ ਅਤੇ ਇਲਾਜ ਲਈ ਵਧੇਰੇ ਜਾਗਰੂਕਤਾ ਪੈਦਾ ਕਰਨ ’ਤੇ ਜ਼ੋਰ ਦਿੱਤਾ ਹੈ। ਉਹ ਸ਼ੁੱਕਰਵਾਰ ਨੂੰ ਵਿੱਦਿਆ ਸਾਗਰ ਓਸਵਾਲ ਆਡੀਟੋਰੀਅਮ, ਮੋਹਨਦੇਈ ਓਸਵਾਲ ਕਾਲਜ ਆਫ ਨਰਸਿੰਗ, ਮੋਹਨਦੇਈ ਓਸਵਾਲ ਹਸਪਤਾਲ, ਲੁਧਿਆਣਾ ਵਿਖੇ "ਨਿਊ ਬਾਇਓਲੋਜੀ ਡ੍ਰਾਈਵਨ ਰਿਸਰਚ ਐਂਡ ਟਰੀਟਮੈਂਟ ਆਫ ਕਾਰਸੀਨੋਮਾ ਐਂਡੋਮੈਟਰੀਅਮ" ਵਿਸ਼ੇ 'ਤੇ ਓਸਵਾਲ ਕੈਂਸਰ ਕਨਕਲੇਵ ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰੋੜਾ ਨੇ ਕਿਹਾ ਕਿ ਦੇਸ਼ ਭਰ ਵਿੱਚ ਕੈਂਸਰ ਦੇ ਕਰੀਬ 30 ਮਿਲੀਅਨ ਮਰੀਜ਼ ਹਨ ਅਤੇ ਹਰ ਸਾਲ ਤਕਰੀਬਨ 2  ਮਿਲੀਅਨ ਮਰੀਜ਼ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਈ ਅਜਿਹੇ ਕੇਸ ਹਨ ਜੋ ਰਿਪੋਰਟ ਨਹੀਂ ਹੁੰਦੇ। ਉਨ੍ਹਾਂ ਮੋਹਨਦੇਈ ਓਸਵਾਲ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਸਥਾਪਨਾ 1984 ਵਿੱਚ ਜਵਾਹਰ ਲਾਲ ਓਸਵਾਲ ਪਰਿਵਾਰ ਦੀ ਸੋਚ ਨਾਲ ਕੀਤੀ ਗਈ ਸੀ। ਉਸ ਸਮੇਂ, ਦੇਸ਼ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਬਹੁਤ ਘੱਟ ਸੰਸਥਾਵਾਂ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹਸਪਤਾਲ ਨੇ ਬਹੁਤ ਨਾਮ ਕਮਾਇਆ ਹੈ। ਅਰੋੜਾ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਕੈਂਪ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਛਾਤੀ ਦੇ ਕੈਂਸਰ ਵਰਗੀਆਂ ਕਈ ਕਿਸਮਾਂ ਦੇ ਕੈਂਸਰ ਦਾ ਜੇਕਰ ਸ਼ੁਰੂਆਤੀ ਪੜਾਅ 'ਤੇ ਹੀ ਪਤਾ ਲਗਾ ਕੇ ਇਲਾਜ ਕਰ ਲਿਆ ਜਾਵੇ ਤਾਂ ਇਹ 100 ਫੀਸਦੀ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀਆਂ ਕਈ ਕਿਸਮਾਂ ਦੇ ਟੈਸਟ ਕਰਵਾਉਣ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਵੈ-ਪਛਾਣ ਵਾਲੇ ਟੈਸਟਾਂ ਨਾਲ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਅਰੋੜਾ ਨੇ ਹਸਪਤਾਲ ਦੇ ਡਾਇਰੈਕਟਰ (ਮੈਡੀਕਲ ਸਰਵਿਸਿਜ਼) ਡਾ: ਮੁਰਤੂਜ਼ਾ ਹਬੀਬ ਨੂੰ ਕੈਂਸਰ ਦੇ ਇਲਾਜ ਦੀ ਸਮਰੱਥਾ, ਇਸ ਦੀ ਜਾਂਚ ਅਤੇ ਰੋਕਥਾਮ ਬਾਰੇ ਸੰਸਦੀ ਕਮੇਟੀ ਵੱਲੋਂ ਤਿਆਰ ਦਸਤਾਵੇਜ਼ ਦੀ ਕਾਪੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਸਿਹਤ ਬਾਰੇ ਸੰਸਦੀ ਕਮੇਟੀ ਵੱਲੋਂ ਦੋ ਸਾਲਾਂ ਦੇ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਦਸਤਾਵੇਜ਼ ਹਸਪਤਾਲ ਦੇ ਫੈਕਲਟੀ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਅਰੋੜਾ ਨੇ ਹਸਪਤਾਲ ਦੀਆਂ ਭਵਿੱਖੀ ਵਿਸਤਾਰ ਯੋਜਨਾਵਾਂ ਦੀ ਵੀ ਸ਼ਲਾਘਾ ਕੀਤੀ। ਉਸਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹਸਪਤਾਲ ਬੋਨ ਮੈਰੋ ਅਤੇ ਪੈਲੀਏਟਿਵ ਕੇਅਰ ਵਿੱਚ ਕਈ ਵਿਸ਼ੇਸ਼ ਸੇਵਾਵਾਂ ਸ਼ੁਰੂ ਕਰਨ ਵਾਲਾ ਹੈ। ਇਸ ਮੌਕੇ ਅਰੋੜਾ ਨੇ ਹਸਪਤਾਲ ਲਈ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਤਰਫੋਂ ਹਸਪਤਾਲ ਵਿੱਚ ਹਰ ਸਾਲ 12 ਗਰੀਬ ਅਤੇ ਲੋੜਵੰਦ ਕੈਂਸਰ ਦੇ ਮਰੀਜ਼ਾਂ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ।  ਇਸ ਟ੍ਰਸ੍ਟ ਦਾ ਨਾਮ ਵੱਖ-ਵੱਖ ਕਿਸਮਾਂ ਦੇ ਕੈਂਸਰ ਦਾ ਸ਼ਿਕਾਰ ਹੋਏ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਮ ਤੇ ਹੈ। ਗੋਦ ਲਏ ਜਾਣ ਵਾਲੇ ਕੈਂਸਰ ਦੇ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਜੀਵਨ ਭਰ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟਰੱਸਟ ਲੁਧਿਆਣਾ ਦੇ ਡੀਐਮਸੀਐਚ ਵਿਖੇ ਗਰੀਬ ਅਤੇ ਲੋੜਵੰਦ ਕੈਂਸਰ ਦੇ ਮਰੀਜ਼ਾਂ ਦੀ ਨਿਰਸਵਾਰਥ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਹੁਣ ਤੱਕ ਇਸ ਸਮੇਂ ਦੌਰਾਨ ਅਜਿਹੇ 190 ਮਰੀਜ਼ਾਂ ਨੂੰ ਗੋਦ ਲੈ ਚੁੱਕਾ ਹੈ। ਹਸਪਤਾਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜਵਾਹਰ ਲਾਲ ਓਸਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਲਗਭਗ 30 ਸਾਲਾਂ ਬਾਅਦ ਓਸਵਾਲ ਕੈਂਸਰ ਕਨਕਲੇਵ ਦਾ ਆਯੋਜਨ ਕਰ ਰਹੇ ਹਨ ਅਤੇ ਇਹ ਕੇਵਲ ਡਾ: ਮੁਰਤੁਜ਼ਾ ਹਬੀਬ ਡਾਇਰੈਕਟਰ (ਮੈਡੀਕਲ ਸੇਵਾਵਾਂ), ਯੋਗੇਂਦਰ ਅਵਾਧਿਆ ਡਾਇਰੈਕਟਰ (ਅਪਰੇਸ਼ਨਜ਼) ਅਤੇ ਡਾ. ਅਸ਼ਵਿਨ ਫਿਲਿਪਸ, ਪ੍ਰਬੰਧਕੀ ਸਕੱਤਰ ਦੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋ ਸਕਿਆ ਹੈ।  ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੰਮੇਲਨ ਭਵਿੱਖ ਦੀਆਂ ਰਣਨੀਤੀਆਂ ਉਲੀਕਣ ਵਿੱਚ ਲਾਹੇਵੰਦ ਸਾਬਤ ਹੋਵੇਗਾ, ਜੋ ਅੰਤ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਬਿਹਤਰ ਸਾਬਤ ਹੋਵੇਗਾ। ਉਨ੍ਹਾਂ ਹਸਪਤਾਲ ਲਈ 50 ਲੱਖ ਦੇ ਯੋਗਦਾਨ ਲਈ ਅਰੋੜਾ ਦਾ ਵੀ ਧੰਨਵਾਦ ਕੀਤਾ। ਜਵਾਹਰ ਲਾਲ ਓਸਵਾਲ ਨੇ ਐਲਾਨ ਕੀਤਾ ਕਿ ਹਸਪਤਾਲ 1 ਜਨਵਰੀ, 2023 ਤੋਂ ਪੈਲੀਏਟਿਵ ਕੇਅਰ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਇਹ ਉਪਰਾਲਾ ਕੈਂਸਰ ਦੇ ਉਨ੍ਹਾਂ ਮਰੀਜ਼ਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਹਨ। ਇਸ ਮੌਕੇ ਕੈਂਸਰ ਦੇ ਇਲਾਜ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਨ ਵਾਲੇ ਡਾ: ਮਨਮੋਹਨ ਕ੍ਰਿਸ਼ਨ ਮਹਾਜਨ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਜੇ.ਐਲ ਓਸਵਾਲ ਅਤੇ ਕਮਲ ਓਸਵਾਲ ਵੱਲੋਂ ਸੰਜੀਵ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਸਪਤਾਲ ਦੀ ਗਵਰਨਿੰਗ ਬਾਡੀ ਵੱਲੋਂ ਦਿਨੇਸ਼ ਓਸਵਾਲ ਅਤੇ ਸੰਦੀਪ ਜੈਨ ਵੀ ਮੌਜੂਦ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਮੁਹੱਲਾ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਚਾਂਦ ਸਿਨੇਮਾ ਨੇੜੇ ਸਥਿਤ ਮੁਹੱਲਾ ਕਲੀਨਿਕ ਹੁਣ ਤੱਕ 35,000 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰ ਚੁੱਕਾ ਹੈ।