ਮਾਨਸਾ ਪੁਲਿਸ ਨੇ ਗਾਇਕ ਬੱਬੂ ਮਾਨ ਤੇ ਗਾਇਕ ਮਨਕੀਰਤ ਔਲਖ ਤੋਂ ਕੀਤੀ ਪੁੱਛਗਿੱਛ

ਮਾਨਸਾ : ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ। ਬੱਬੂ ਮਾਨ ਮਾਨਸਾ ਦੇ ਸੀਆਈਏ ਸਟਾਫ਼ ਦੇ ਦਫ਼ਤਰ ਪੁੱਜੇ ਅਤੇ ਐਸਆਈਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਦੋਵੇਂ ਦੁਪਿਹਰ ਕਰੀਬ 2 ਵਜੇ CIA ਮਾਨਸਾ ਦਫਤਰ ਪਹੁੰਚੇ ਅਤੇ ਤਿੰਨ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਦੋਵੇਂ ਕਰੀਬ 5 ਵਜੇ ਉਥੋਂ ਨਿਕਲੇ। SIT ਟੀਮ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤੋਂ ਉਨ੍ਹਾਂ ਦੀ ਤਕਰਾਰ ਨੂੰ ਲੈ ਕੇ ਪੁੱਛਗਿੱਛ ਕੀਤੀ ਹੈ। ਪੰਜਾਬ ਦੇ ਜਿਨ੍ਹਾਂ ਵੱਡੇ ਗਾਇਕਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਬੱਬੂ ਮਾਨ ਦਾ ਨਾਂ ਸਭ ਤੋਂ ਉੱਪਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਕੁਝ ਸਮਾਂ ਪਹਿਲਾਂ ਦੋਵਾਂ ਗਾਇਕਾਂ ਵਿਚਾਲੇ ਝਗੜਾ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਵੀ ਬੱਬੂ ਮਾਨ ਦਾ ਨਾਂ ਲਏ ਬਿਨਾਂ ਆਪਣੀ ਗੱਲ ਲਾਈਵ ਰੱਖੀ ਸੀ। ਇੱਥੋਂ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੋਵਾਂ ਧਿਰਾਂ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਆ ਗਏ ਸਨ। ਇਸ ਦੌਰਾਨ ਦਿਲਪ੍ਰੀਤ ਬਾਬਾ ਗਰੁੱਪ ਦੇ ਗੈਂਗਸਟਰ ਯਾਦੀ ਰਾਣਾ (ਯਾਦੀ ਰੰਗੜ) ਦੀ ਵੀ ਐਂਟਰੀ ਹੋਈ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਹੈ। ਉਥੇ ਹੀ ਮਨਕੀਰਤ ਔਲਖ ਤੋਂ ਉਸ ਦੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨਾਲ ਨੇੜਤਾ ਨੂੰ ਲੈ ਕੇ ਸਵਾਲ ਪੁੱਛੇ ਗਏ। ਦੱਸ ਦੇਈਏ ਕਿ ਮੂਸੇਵਾਲਾ ਕਤਲਕਾਂਡ ਵਿੱਚ ਗੈਂਗਸਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਜ਼ਿਕਰਯੋਗ ਹੈ ਕਿ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਮੋਹਾਲੀ ਜ਼ਿਲੇ ‘ਚ ਬੱਬੂ ਮਾਨ ਦੇ ਘਰ ‘ਤੇ ਪੰਜਾਬ ਪੁਲਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਮਿਲਣ ਵਾਲਿਆਂ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਐੱਸ.ਐੱਸ.ਪੀ. ਨਾਨਕ ਸਿੰਘ ਦਾ ਕਹਿਣਾ ਹੈ ਕਿ ਇਹ ਪੁੱਛ-ਗਿੱਛ ਇੱਕ ਰੈਗੂਲਰ ਪ੍ਰਕਿਰਿਆ ਹੈ। ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਵਾਲ ਪੁੱਛੇ ਗਏ ਹਨ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕੁਝ ਜਾਣਕਾਰੀ ਹੈ ਜਾਂ ਨਹੀਂ।