ਮਾਲਵਾ ਸੱਭਿਆਚਾਰਕ ਮੰਚ ਨੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦਿੱਤਾ ਲੋਹੜੀ ਮੇਲੇ ਦਾ ਸੱਦਾ ਪੱਤਰ

  • 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਮਨਾਇਆ ਜਾਵੇਗਾ 28ਵਾਂ ਧੀਆਂ ਦਾ ਲੋਹੜੀ ਮੇਲਾ

ਲੁਧਿਆਣਾ, 02 ਜਨਵਰੀ : ਅੱਜ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਕਰਵਾਏ ਜਾ ਰਹੇ 28ਵੇਂ ਧੀਆਂ ਦੇ ਲੋਹੜੀ ਮੇਲੇ ਦਾ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਬਾਵਾ ਅਤੇ ਲਵਲੀ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਵਿਚਾਲੇ ਅੰਤਰ ਨੂੰ ਮਿਟਾਉਣ ਦੀ ਕੋਸ਼ਿਸ਼ ਹੇਠ ਮਾਲਵਾ ਸੱਭਿਆਚਾਰਕ ਮੰਚ ਵੱਲੋਂ 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਮਨਾਇਆ ਜਾ ਰਿਹਾ 28ਵਾਂ ਧੀਆਂ ਦਾ ਲੋਹੜੀ ਮੇਲਾ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਸਮਰਪਿਤ ਹੋਵੇਗਾ। ਇਸ ਦੌਰਾਨ ਨਵ ਜਨਮੀਆਂ ਬੱਚੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨੂੰ ਸ਼ਗਨ ਦੇਣ ਸਣੇ ਨਵੇਂ ਵਿਆਹੇ ਜੋੜਿਆਂ ਦਾ ਵੀ ਸਤਿਕਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਲੋਕ ਲੜਕਿਆਂ ਦੀ ਲੋਹੜੀ ਮਨਾਉਂਦੇ ਹਨ, ਇਹ ਧੀਆਂ ਦਾ ਲੋਹੜੀ ਮੇਲਾ ਸਮਾਜ ਨੂੰ ਸੰਦੇਸ਼ ਦਿੰਦਾ ਹੈ। ਇਸ ਮੇਲੇ ਵਿੱਚ ਕਈ ਪਤਵੰਤੀਆਂ ਸਖਸ਼ੀਅਤਾਂ ਵੀ ਪਹੁੰਚ ਰਹੀਆਂ ਹਨ। ਜਦਕਿ ਅੱਜ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਮੂੰਗਫਲੀ, ਰੇਵੜੀਆਂ, ਭੁੱਗਾ, ਗਚਕ ਆਦਿ ਚੀਜ਼ਾਂ ਨਾਲ ਵਿਸ਼ੇਸ਼ ਤੌਰ ਤੇ ਤਿਆਰ ਗਾਗਰ ਸਮੇਤ ਸੱਦਾ ਪੱਤਰ ਭੇਂਟ ਕਰਕੇ ਧੀਆਂ ਦੇ ਲੋਹੜੀ ਮੇਲੇ ਵਿਚ ਪਹੁੰਚਣ ਦੀ ਗੁਜਾਰਿਸ਼ ਕੀਤੀ ਗਈ ਹੈ। ਜਿੰਨ੍ਹਾਂ ਨੇ ਮੇਲੇ ਵਿੱਚ ਸ਼ਰੀਕ ਹੋਣ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਗੁਰਿੰਦਰ ਸਿੰਘ ਗੁਰਕੀ, ਜੋਗਿੰਦਰ ਸਿੰਘ ਜੰਗੀ, ਰੇਸ਼ਮ ਸਿੰਘ ਸੱਗੂ, ਰਵਿੰਦਰ ਸਿਆਨ, ਤਨਿਸ਼ਕ,ਗੌਰਵ ਕੁਮਾਰ, ਤਰਸੇਮ ਜਸੂਜਾ, ਸੰਜੇ ਠਾਕੁਰ ਵੀ ਮੌਜੂਦ ਰਹੇ।