ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹੁਨਰ ਵਿਕਾਸ ਅਤੇ ਸਿਖਲਾਈ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ : ਵੀ.ਸੀ.

ਬਠਿੰਡਾ, 10 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਜਲਦੀ ਹੀ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.), ਚੰਡੀਗੜ੍ਹ ਦੇ ਸਹਿਯੋਗ ਨਾਲ ਵੱਖ-ਵੱਖ ਹੁਨਰ ਖੇਤਰਾਂ ਵਿੱਚ ਅੱਪਡੇਟ ਸਿਖਲਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਇੱਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰੇਗੀ।  ਇਹ ਸੈਂਟਰ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਪੀ.ਐਸ.ਡੀ.ਐਮ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੇਂਦਰ ਦੀ ਸਥਾਪਨਾ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ। ਉਪਰੋਕਤ ਪ੍ਰਗਟਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਪੰਜਾਬ ਹੁਨਰ ਮਿਸ਼ਨ ਵਿਕਾਸ (ਪੀ.ਐਸ.ਡੀ.ਐਮ.) ਦੇ ਸਾਰੇ ਰਜਿਸਟਰਡ ਕੇਂਦਰਾਂ ਲਈ ਯੂਨੀਵਰਸਿਟੀ ਸਕਿੱਲ ਸੈਂਟਰ ਵੱਲੋਂ ਕਰਵਾਏ ਜਾ ਰਹੇ ਦੋ ਹਫ਼ਤਿਆਂ ਦੀ ਟਰੇਨਿੰਗ ਫ਼ਾਰ ਟਰੇਨਰਜ਼ (ਟੀ.ਓ.ਟੀ.) ਪ੍ਰੋਗਰਾਮ ਦੇ ਉਦਘਾਟਨ ਦੌਰਾਨ ਕਹੀ। ਯੂਨੀਵਰਸਿਟੀ ਦੇ ਮੁੱਖ ਕੈਂਪਸ ਬਠਿੰਡਾ ਵਿਖੇ ਯੂਨੀਵਰਸਿਟੀ ਸਕਿੱਲ ਸੈਂਟਰ ਵੱਲੋਂ ਇਹ ਚੌਥਾ ਟੀ.ਓ.ਟੀ. ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਲਗਭਗ 150 ਭਾਗੀਦਾਰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਆਪਣੇ ਸੰਬੋਧਨ ਵਿੱਚ ਪ੍ਰੋ: ਸਿੱਧੂ ਨੇ ਸ਼੍ਰੀਮਤੀ ਦੀਪਤੀ ਉੱਪਲ, ਆਈ.ਏ.ਐਸ ਡਾਇਰੈਕਟਰ ਜਨਰਲ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕਮ ਮਿਸ਼ਨ ਡਾਇਰੈਕਟਰ, ਪੀ.ਐਸ.ਡੀ.ਐਮ. ਦਾ ਇਸ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੀ.ਐੱਸ.ਡੀ.ਐੱਮ. ਦੇ ਜਨਰਲ ਮੈਨੇਜਰ ਸ਼੍ਰੀ ਸੁਰਿੰਦਰ ਮੋਹਨ ਅਤੇ ਪ੍ਰੋਜੈਕਟ ਮੈਨੇਜਰ ਸ਼੍ਰੀ ਰਾਜੇਸ਼ ਕੁਮਾਰ ਸਮੇਤ ਪੀ.ਐੱਸ.ਡੀ.ਐੱਮ. ਦੇ ਸਾਰੇ ਟੀਮ ਮੈਂਬਰਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਟਰੇਨਿੰਗ ਆਫ ਟ੍ਰੇਨਰਜ਼ ਮਾਡਲ ਦੀ ਸਿਖਲਾਈ ਦੀ ਮਹੱਤਤਾ ਬਾਰੇ ਚਾਨਣਾ ਪਾਇਆ, ਜਿਸਦਾ ਉਦੇਸ਼ ਮਾਸਟਰ ਟ੍ਰੇਨਰਾਂ ਨੂੰ ਨਵੀਨਤਮ ਸਿਖਲਾਈ ਦੇਣ ਵਾਲੀ ਕੋਚਿੰਗ ਵਿੱਚ ਸ਼ਾਮਲ ਕਰਨਾ ਹੈ, ਜੋ ਵਿਸ਼ਿਆਂ ਜਾਂ ਹੁਨਰ ਜਾਂ ਸਿਖਲਾਈ ਵਿੱਚ ਘੱਟ ਤਜਰਬੇਕਾਰ ਹਨ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਪ੍ਰੋਗਰਾਮ ਸਮਰੱਥ ਇੰਸਟ੍ਰਕਟਰਾਂ ਦਾ ਇੱਕ ਪੂਲ ਤਿਆਰ ਕਰੇਗਾ, ਜੋ ਫਿਰ ਦੂਜੇ ਲੋਕਾਂ ਨੂੰ ਸਿਖਲਾਈ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਇੰਸਟ੍ਰਕਟਰ ਦੀ ਸਿਖਲਾਈ ਸਮਰੱਥਾ ਅਤੇ ਹੁਨਰਾਂ 'ਤੇ ਧਿਆਨ ਕੇਂਦਰਤ ਕਰਦੇ ਹੋਏ ਪ੍ਰਬੰਧਨ ਨੂੰ ਬਦਲਣਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਰ ਦੀ ਸਿਖਲਾਈ ਮੁੱਖ ਤੌਰ 'ਤੇ 'ਵਿਚਾਰਾਂ ਅਤੇ ਤਜ਼ਰਬਿਆਂ ਦੀ ਸਾਂਝ' 'ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਹੁਨਰਮੰਦ ਕਾਰਜ ਬਲ ਦਾ ਇੱਕ ਪੂਲ ਬਣੇਗਾ, ਜੋ ਉਦਯੋਗਾਂ ਦੇ ਵਿਕਾਸ ਲਈ ਲਾਭਕਾਰੀ ਸਾਬਿਤ ਹੋਵੇਗਾ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਇਸ ਮਾਲਵਾ ਖੇਤਰ ਵਿੱਚ ਇੱਕ ਤਕਨੀਕੀ ਯੂਨੀਵਰਸਿਟੀ ਹੋਣ ਦੇ ਨਾਤੇ ਇਸ ਹੁਨਰ ਨਿਖਾਰਣ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ, ਡਾ. ਬਲਵਿੰਦਰ ਸਿੰਘ  ਨੇ ਮੁੱਖ ਮਹਿਮਾਨ, ਸਰੋਤ ਵਿਅਕਤੀਆਂ, ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਮੂਲ ਉਦੇਸ਼ਾਂ 'ਤੇ ਚਾਨਣਾ ਪਾਇਆ। ਇੰਜ. ਯਾਦਵਿੰਦਰ ਪਾਲ ਸ਼ਰਮਾ, ਸਹਾਇਕ ਪ੍ਰੋਫੈਸਰ, ਮਕੈਨੀਕਲ ਇੰਜਨੀਅਰਿੰਗ ਵਿਭਾਗ ਨੇ ਅਣਥੱਕ ਯਤਨ ਕੀਤੇ ਅਤੇ ਹੁਨਰ ਵਿਕਾਸ ਖੇਤਰਾਂ ਵਿੱਚ ਕੰਮ ਕਰ ਰਹੇ ਮਾਹਿਰਾਂ ਦੀ ਸਿਖਲਾਈ ਦੇ ਉਦੇਸ਼ ਲਈ ਪੀ.ਐੱਸ.ਡੀ.ਐੱਮ. ਤੋਂ ਸਪਾਂਸਰਸ਼ਿਪ ਪ੍ਰਾਪਤ ਕੀਤੀ। ਟੀ.ਓ.ਟੀ. ਪ੍ਰੋਗਰਾਮ ਦੌਰਾਨ ਪ੍ਰਮੁੱਖ ਸਰੋਤ ਵਿਅਕਤੀਆਂ ਨੇ ਭਾਗੀਦਾਰਾਂ ਨਾਲ ਕੀਮਤੀ ਜਾਣਕਾਰੀ ਸਾਂਝੀ ਕੀਤੀ। ਡਾ. ਬਲਵਿੰਦਰ ਸਿੰਘ ਨੇ "ਸਫ਼ਲ ਟਰੇਨਰ ਕਿਵੇਂ ਬਣੀਏ" ਵਿਸ਼ੇ 'ਤੇ ਮਾਹਿਰ ਲੈਕਚਰ ਦਿੱਤਾ। ਡਾ. ਵੀਰਪਾਲ ਕੌਰ ਮਾਨ ਨੇ ਲੀਡਰਸ਼ਿਪ ਦੇ ਹੁਨਰ ਨੂੰ ਵਧਾਉਣ ਅਤੇ ਪ੍ਰਭਾਵੀ ਸੰਚਾਰ ਹੁਨਰ ਦੀ ਮਹੱਤਤਾ 'ਤੇ ਧਿਆਨ ਕੇਂਦਰਿਤ ਕਰਨ ਕੇ ਜ਼ੋਰ ਦਿੱਤਾ। ਡਾ: ਮਨਪ੍ਰੀਤ ਕੌਰ ਧਾਲੀਵਾਲ (ਯੂ.ਬੀ.ਐਸ.) ਨੇ ਸਟੇਜ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਅਤੇ ਮੁੱਖ ਬੁਲਾਰਿਆਂ ਦੀ ਜਾਣ ਪਛਾਣ ਕਰਵਾਈ। ਇਸ ਪ੍ਰੋਗਰਾਮ ਦੌਰਾਨ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਉਦਯੋਗਿਕ ਦੌਰਿਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਾਰੇ ਡੀਨਜ਼, ਡਾਇਰੈਕਟਰਜ਼ ਅਤੇ ਐਚਓਡੀ ਹਾਜ਼ਰ ਸਨ।