ਪਸ਼ੂ ਪਾਲਣਾਂ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਸਭ ਤੋਂ ਲਾਹੇਵੰਦ ਸਹਾਇਕ ਧੰਦਾ :ਡਿਪਟੀ ਕਮਿਸ਼ਨਰ

  • ਪਸ਼ੂ ਪਾਲਕਾਂ ਨੂੰ ਸਰਕਾਰੀ ਸੰਸਥਾਵਾਂ ਨਾਲ ਜੁੜਨ ਦਾ ਸੱਦਾ
  • ਪਸ਼ੂ ਪਾਲਣ ਵਿਭਾਗ ਵੱਲੋਂ ਦੁੱਨੇਕੇ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ

ਮੋਗਾ, 14 ਅਗਸਤ : ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਪਸ਼ੂ ਪਾਲਣ ਦੀ ਪਿਰਤ ਸ਼ੁਰੂ ਕਰਨ ਕਿਉਂਕਿ ਪਸ਼ੂ ਪਾਲਣ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਸਭ ਤੋਂ ਲਾਹੇਵੰਦ ਸਹਾਇਕ ਧੰਦਾ ਹੈ। ਉਹ ਅੱਜ ਪਿੰਡ ਦੁੱਨੇਕੇ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਪਸ਼ੂ ਪਾਲਣ ਅਤੇ ਪੰਛੀਆਂ ਨਾਲ ਸਾਂਝ ਅੱਜ ਸਾਡੇ ਵੱਲੋਂ ਅਣਗੌਲਿਆ ਵਿਸ਼ਾ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਘਰੇਲੂ ਪਸ਼ੂ ਅਤੇ ਪੰਛੀ ਆਰਥਿਕਤਾ ਉਪਰ ਚੁੱਕਣ ਦਾ ਬਹੁਤ ਵੱਡਾ ਜ਼ਰੀਆ ਬਣ ਸਕਦੇ ਹਨ। ਹਰੇਕ ਕਿਸਾਨ ਨੂੰ ਇਕ ਵਾਰ ਪਸ਼ੂ ਜਰੂਰ ਪਾਲ ਕੇ ਦੇਖਣੇ ਚਾਹੀਦੇ ਹਨ। ਪਰ ਅੱਜ ਲੋਕਾਂ ਵੱਲੋਂ ਪਸ਼ੂਆਂ ਨੂੰ ਆਵਾਰਾ ਸੜਕਾਂ ਉੱਤੇ ਛੱਡ ਦਿੱਤਾ ਜਾਂਦਾ ਹੈ। ਜਿਸ ਨਾਲ ਪਸ਼ੂ ਧੰਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ। ਇਸ ਦੇ ਨਾਲ ਹੀ ਸੜਕ ਹਾਦਸੇ ਵੀ ਵਾਪਰਦੇ ਹਨ। ਉਹਨਾਂ ਕਿਹਾ ਕਿ ਜੇਕਰ ਪਸ਼ੂਆਂ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਉਸਦੇ ਇਲਾਜ਼ ਲਈ ਪਸ਼ੂ ਪਾਲਕਾਂ ਨੂੰ ਸਰਕਾਰੀ ਸੰਸਥਾਵਾਂ ਨਾਲ ਜੁੜਨਾ ਚਾਹੀਦਾ ਹੈ। ਵਿਗਿਆਨ ਨੇ ਬਹੁਤ ਤਰੱਕੀ ਕੀਤੀ ਪਰ ਅਸੀਂ ਫਾਇਦਾ ਨਹੀਂ ਲੈਂਦੇ। ਸਰਕਾਰੀ ਇਲਾਜ਼ ਸਸਤਾ ਹੁੰਦਾ ਹੈ ਜਦਕਿ ਬਾਹਰੋਂ ਬਹੁਤ ਮਹਿੰਗਾ ਪੈਂਦਾ ਹੈ। ਸਮਾਗਮ ਦੌਰਾਨ ਪਸ਼ੂ ਪਾਲਣ ਕਿੱਤੇ ਦੇ ਮਾਹਿਰ ਡਾਕਟਰ ਰਾਕੇਸ਼ ਸ਼ਰਮਾ, ਡਾਕਟਰ ਦਲਜੀਤ ਕੌਰ ਅਤੇ ਡਾਕਟਰ ਅਸ਼ਵਨੀ ਕੁਮਾਰ ਵੱਲੋਂ ਪਸ਼ੂ ਪਾਲਕਾਂ ਨੂੰ ਜਣੇਪੇ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ਼ ਅਤੇ ਹੋਰ ਤਕਨੀਕੀ ਜਾਣਕਾਰੀ ਦਿੱਤੀ ਗਈ। ਪਸ਼ੂ ਪਾਲਣ ਵਿਭਾਗ ਮੋਗਾ ਦੇ ਡਿਪਟੀ ਡਾਇਰੈਕਟਰ ਡਾਕਟਰ ਹਰਵੀਨ ਕੌਰ ਨੇ ਦੱਸਿਆ ਕਿ ਐਸਪੀਰੈਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਅਜਿਹਾ ਇਕ ਹੋਰ ਕੈਂਪ ਜਲਦੀ ਹੀ ਲਗਾਇਆ ਜਾਵੇਗਾ। ਜਿਸ ਵਿੱਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਕੈਂਪ ਵਿੱਚ 275 ਕਿਸਾਨਾਂ ਨੇ ਭਾਗ ਲਿਆ ਜਿੰਨਾ ਨੂੰ ਕਿੱਟਾਂ, ਕੈਲਸ਼ੀਅਮ ਦੀ ਦਵਾਈ, ਕੀੜੇਮਾਰ ਦਵਾਈ, ਚਿਚੜਾਂ ਦੀ ਦਵਾਈ ਅਤੇ ਹੋਰ ਸਮੱਗਰੀ ਦੀ ਵੰਡ ਕੀਤੀ ਗਈ।