ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ 13 ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ 

ਲੁਧਿਆਣਾ, 9 ਅਪ੍ਰੈਲ : ਪੰਜਾਬ ਦੇ ਮੌਸਮ ਅੰਦਰ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਗਰਮੀ ਪੂਰੇ ਉਤਰ ਭਾਰਤ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ। ਉਥੇ ਹੀ ਆਉਂਦੇ ਦਿਨਾਂ ਚ ਲੋਕਾਂ ਨੂੰ ਕੁਝ ਰਾਹਤ ਜਰੂਰ ਮਿਲ ਸਕਦੀ ਹੈ 13 ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਦਿਨਾਂ ਦੇ ਦੌਰਾਨ ਮੌਸਮ ਬਦਲਵਾਈ ਵਾਲਾ ਬਣਿਆ ਰਹੇਗਾ ਜਿਸ ਕਰਕੇ ਟੈਂਪਰੇਚਰ ਵਿੱਚ ਵੀ ਕੁਝ ਕਮੀ ਜਰੂਰ ਵੇਖਣ ਨੂੰ ਮਿਲੇਗੀ, ਪਰ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਟੈਂਪਰੇਚਰ ਲਗਭਗ 34 ਤੋਂ 35 ਡਿਗਰੀ ਦੇ ਨੇੜੇ ਚੱਲ ਰਹੇ ਹਨ, ਜੋ ਕਿ ਆਮ ਟੈਂਪਰੇਚਰ ਜੋ ਅਪ੍ਰੈਲ ਵਿੱਚ ਰਹਿੰਦਾ ਹੈ। ਉਸ ਤੋਂ ਇੱਕ ਡਿਗਰੀ ਜ਼ਿਆਦਾ ਹਨ ਜਿਸ ਤੋਂ ਜ਼ਾਹਿਰ ਹੈ ਕਿ ਗਰਮੀ ਇਸ ਵਾਰ ਹੁਣ ਤੋਂ ਹੀ ਜਿਆਦਾ ਪੈਣੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ, ਬਾਰਿਸ਼ਾਂ ਪੈਣ ਤੋਂ ਬਾਅਦ ਮੁੜ ਤੋਂ ਟੈਂਪਰੇਚਰ ਵਿੱਚ ਇਜ਼ਾਫਾ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਦਾ ਹੋਰ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਘੱਟੋ-ਘੱਟ ਤਾਪਮਾਨ ਫਿਲਹਾਲ 17 ਡਿਗਰੀ ਦੇ ਨੇੜੇ ਚੱਲ ਰਹੇ ਹਨ, ਜੋ ਕਿ ਆਮ ਹਨ। ਦੂਜੇ ਪਾਸੇ, ਵੱਧ ਤੋਂ ਵੱਧ ਟੈਂਪਰੇਚਰ ਵਿੱਚ ਜ਼ਰੂਰ ਥੋੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਜੋ ਆਉਂਦੇ ਦਿਨਾਂ ਵਿੱਚ ਪੱਛਮੀ ਚੱਕਰਵਾਤ ਆ ਰਿਹਾ ਹੈ, ਉਸ ਦਾ ਅਸਰ ਦੋ ਤੋਂ ਤਿੰਨ ਦਿਨ ਤੱਕ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਮੌਸਮ ਮੁੜ ਤੋਂ ਸਥਿਰ ਹੋ ਜਾਵੇਗਾ ਅਤੇ ਗਰਮੀ ਵਿੱਚ ਮੁੜ ਤੋਂ ਇਜਾਫਾ ਹੋਵੇਗਾ। ਹਾਲਾਂਕਿ, ਉਨ੍ਹਾਂ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਆਮ ਤੌਰ ਤੇ ਬਾਰਿਸ਼ 18 ਮਿਲੀਮੀਟਰ ਤੱਕ ਰਿਕਾਰਡ ਕੀਤੀ ਜਾਂਦੀ ਹੈ, ਪਰ ਇਸ ਵਾਰ ਪਹਿਲੇ ਦਿਨ ਅਪ੍ਰੈਲ ਮਹੀਨੇ ਵਿੱਚ ਇੱਕ ਵੀ ਬੂੰਦ ਬਾਰਿਸ਼ ਪੰਜਾਬ ਵਿੱਚ ਨਹੀਂ ਪਈ ਹੈ। ਉੱਥੇ ਹੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਡਾਕਟਰ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ-ਤਿੰਨ ਦਿਨਾਂ ਵਿੱਚ ਜਦੋਂ ਪੰਜਾਬ ਦੇ ਅੰਦਰ ਬਾਰਿਸ਼ ਹੋਣੀ ਹੈ, ਤਾਂ ਕਿਸਾਨ ਜਰੂਰ ਇਸ ਗੱਲ ਦਾ ਧਿਆਨ ਰੱਖਣ। ਇਨ੍ਹਾਂ ਦਿਨਾਂ ਵਿੱਚ ਵਾਢੀ ਨਾ ਕਰਨ, ਕਿਉਂਕਿ ਵੱਡੀ ਹੋਈ ਕਣਕ ਮੀਂਹ ਦੇ ਨਾਲ ਜਿਆਦਾ ਨੁਕਸਾਨੀ ਜਾਂਦੀ ਹੈ। ਉਸ ਵਿੱਚ ਨਮੀਂ ਦੀ ਮਾਤਰਾ ਵੀ ਵੱਧ ਜਾਂਦੀ ਹੈ ਅਤੇ ਮੰਡੀ ਵਿੱਚ ਵੇਚਣ ਦੌਰਾਨ ਵੀ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।