ਮਜ਼ਦੂਰ ਸੰਘਰਸ਼ ਯੂਨੀਅਨ ਦੇ ਆਗੂਆਂ ਨੇ ਗਾਇਕ ਜੈਜੀ ਬੀ ਦਾ ਪੁਤਲਾ ਫੂਕਿਆ

ਮੁੱਲਾਂਪੁਰ ਦਾਖਾ  03,ਅਪ੍ਰੈਲ (ਸਤਵਿੰਦਰ  ਸਿੰਘ ਗਿੱਲ) ਮਜ਼ਦੂਰ ਸੰਘਰਸ਼ ਯੂਨੀਅਨ ਪੰਜਾਬ ਵੱਲੋਂ ਪਿੰਡ ਰੂਮੀ ਵਿਖੇ ਜੈਜੀ ਬੀ ਦਾ ਪੁਤਲਾ ਫੂਕਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਛੱਜੇਵਾਲ, ਸੈਕਟਰੀ ਬਲਦੇਵ ਸਿੰਘ ਰੂਮੀ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਦੇ ਹੋਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"। ਪਰ ਇਹ ਘਟੀਆ ਸੋਚ ਰੱਖਣ ਵਾਲੇ ਗਾਇਕ ਅੱਜ ਸਾਡੀਆਂ ਧੀਆਂ, ਭੈਣਾਂ, ਮਾਵਾਂ ਨੂੰ  ਗਾਣਿਆਂ ਵਿੱਚ ਇਨਾ ਜਿਆਦਾ ਜਲੀਲ ਕਰਦੇ ਹਨ । ਇਨ੍ਹਾਂ ਤੇ ਨਾ ਤਾਂ ਕੁਝ ਸਰਕਾਰਾਂ ਸਖਤੀ ਕਰਦੀਆਂ ਹਨ ਅਤੇ ਨਾ ਹੀ ਲੋਕ ਇਹਨਾਂ ਦੇ ਖਿਲਾਫ ਕੋਈ ਵੱਡਾ ਸੰਘਰਸ਼ ਕਰਕੇ ਇਹਨਾਂ ਤੇ ਸਖਤ ਕਾਰਵਾਈ ਕਰਵਾਉਂਦੇ ਹਨ। ਜਿਸ ਕਰਕੇ ਇਨਾ ਗਾਇਕਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੋ ਰਹੇ ਹਨ। ਆਗੂਆਂ ਨੇ ਅੱਗੇ ਆਖਿਆ ਕਿ ਅਸੀਂ ਜਲਦ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਇਸ ਖਿਲਾਫ ਪਰਚਾ ਦਰਜ ਵੀ ਕਰਵਾਵਾਂਗੇ ਤਾਂ ਜੋ ਅੱਗੇ ਤੋਂ ਇਦਾਂ ਦੇ ਗਾਇਕ ਧੀਆਂ ਭੈਣਾਂ ਦੇ ਖਿਲਾਫ ਇਦਾਂ ਦੇ ਗੰਦੇ ਗੀਤ ਗਾਉਣ ਤੋਂ ਪਹਿਲਾਂ ਸੌ ਵਾਰ ਸੋਚਣ। ਉਹਨਾਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਦੀ ਧਰਤੀ ਤੇ ਚੱਲ ਰਹੇ ਗੰਦੇ ਗੀਤਾਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਜਰੂਰ ਆਪਣੇ ਇਲਾਕਿਆਂ ਦੇ ਵਿੱਚ ਡਟ ਕੇ ਵਿਰੋਧ ਕਰਨ ਤਾਂ ਜੋ ਨੌਜਵਾਨਾਂ ਨੂੰ ਗੰਦੇ ਗੀਤਾਂ ਦੇ ਰਾਸਤੇ ਤੋਂ ਮੋੜ ਕੇ ਗੁਰੂਆਂ ਸ਼ਹੀਦਾਂ ਦੇ ਲਾਸਾਨੀ ਕੁਰਬਾਨੀਆਂ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਸਮੇਂ ਮੀਤ ਪ੍ਰਧਾਨ ਚਮਕੌਰ ਸਿੰਘ ਲੀਲਾ, ਹਰਨੇਕ ਸਿੰਘ ਹੰਸ ਕਲਾਂ, ਪ੍ਰੀਤਮ ਸਿੰਘ ਕਮਲਪੁਰਾ, ਹਰਬੰਸ ਸਿੰਘ ਛੱੱਜੇਵਾਲ, ਮਲਕੀਤ ਸਿੰਘ ਰੂਮੀ, ਅਜਇਬ ਸਿੰਘ ਅਖਾੜਾ, ਚਰਨ ਸਿੰਘ ਰੂਮੀ, ਚਰਨ ਸਿੰਘ, ਰਣਜੀਤ ਸਿੰਘ ਰੂਮੀ, ਪੰਮੀ ਕੌਰ, ਰਾਣੀ ਕੌਰ, ਜੀਤੋ ਕੌਰ ਕਮਾਲਪੁਰਾ, ਤੇਜ ਕੌਰ ਕਮਾਲਪੁਰਾ ਆਦਿ ਹਾਜ਼ਰ ਸਨ।