ਘਰੇਲੂ ਬਗੀਚੀ ਲਈ ਗਰਮ ਰੁੱਤ ਦੇ ਸਬਜ਼ੀ ਬੀਜ਼ਾਂ ਦੀਆਂ ਮਿੰਨੀ ਕਿੱਟਾਂ ਦਾ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਆਗਾਜ਼

ਲੁਧਿਆਣਾ, 03 ਮਾਰਚ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਲਈ ਗਰਮ ਰੁੱਤ ਦੇ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਕਿਸਾਨਾਂ ਵਿੱਚ ਪਹੁੰਚਾਉਣ ਤੋਂ ਪਹਿਲਾਂ ਸ਼ੁਰੂਆਤੀ ਆਗਾਜ਼ ਕੀਤਾ ਗਿਆ। ਇਹ ਸਬਜੀ ਬੀਜ ਦੀ ਇੱਕ ਮਿੰਨੀ ਕਿੱਟ ਲਗਭੱਗ 4 ਮਰਲੇ ਲਈ ਕਾਫੀ ਹੈ। ਜਿਸ ਨਾਲ ਪਰਿਵਾਰ ਦੇ 6 ਮਹੀਨਿਆਂ ਦੀ ਸਬਜੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਜੋਕੇ ਸਮੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਜਿਸ ਵਿੱਚ 300 ਗ੍ਰਾਮ ਸਬਜੀਆਂ ਦਾ ਹੋਣਾ ਬਹੁਤ ਜਰੂਰੀ ਹੈ। ਇਸ ਸਬਜੀ ਬੀਜ ਦੀ ਕਿੱਟ ਦਾ ਸਰਕਾਰੀ ਰੇਟ 80/-ਰੁਪਏ ਪ੍ਰਤੀ ਕਿੱਟ ਰਖਿਆ ਗਿਆ ਹੈ। ਇਹ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਤੰਦਰੁਸਤ ਪੰਜਾਬ ਮਿਸ਼ਨ ਸਕੀਮ ਤਹਿਤ ਅਤੇ ਨਿਊਟ੍ਰੀਸ਼ਨ ਸਕੀਮ ਅਧੀਨ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਨੂੰ ਮਹੁੱਈਆ ਕਰਵਾਈਆਂ ਜਾਣਗੀਆਂ । ਇਸ ਨਾਲ ਜਿੱਥੇ ਘਰੇਲੂ ਸਬਜੀ ਦੀ ਖਪਤ ਪੂਰੀ ਹੋਵੇਗੀ ਉੱਥੇ ਬਿਨ੍ਹਾਂ ਜਹਿਰਾਂ ਅਤੇ ਸਪਰੇਆਂ ਤੋਂ ਸਬਜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜੀ ਹੋਵੇਗੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ ਸਲਾਨਾ 5000/-ਰੁਪਏ ਪ੍ਰਤੀ ਜੀਅ ਖਰਚਾ ਬਚੇਗਾ। ਡਾ: ਨਰਿੰਦਰ ਪਾਲ ਕਲਸੀ, ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ ਜਲਦ ਹੀ  ਇਹ ਮਿੰਨੀ ਕਿੱਟਾਂ ਭੇਜੀਆਂ ਜਾਣਗੀਆਂ। ਲੋੜਵੰਦ ਬਾਗਬਾਨੀ ਵਿਭਾਗ ਨਾਲ ਹੇਠ ਦਰਸਾਏ ਨੰਬਰਾਂ 'ਤੇ ਸਪੰਰਕ ਕਰਕੇ ਇਹ ਕਿੱਟਾਂ ਬਹੁਤ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਾ. ਨਰਿੰਦਰ ਪਾਲ ਕਲਸੀ ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ, ਡਾ. ਗੁਰਜੀਤ ਸਿੰਘ ਬੱਲ ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ, ਡਾ. ਗੁਰਪ੍ਰੀਤ ਕੌਰ ਬਾਗਬਾਨੀ ਵਿਕਾਸ ਅਫਸਰ ਅਤੇ ਸ੍ਰੀ ਮਨਿੰਦਰ ਸਿੰਘ ਹਾਜ਼ਰ ਸਨ।