ਲੁਧਿਆਣਾ ’ਚ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਲਾਠੀਚਾਰਜ

ਲੁਧਿਆਣਾ, 01 ਜਨਵਰੀ : ਪੰਜਾਬ ਪੁਲਿਸ ਵੱਲੋਂ ਲੁਧਿਆਣਾ ’ਚ ਨਵੇਂ ਸਾਲ ਮੌਕੇ ਤੇ ਸ਼ਰਾਰਤੀ ਅਨਸਰਾਂ ‘ਤੇ ਲਾਠੀਚਾਰਜ ਕੀਤਾ ਹੈ। ਪੁਲਿਸ ਸਾਰੀ ਰਾਤ ਸੜਕ ’ਤੇ ਤਾਇਨਾਤ ਰਹੀ। ਲੋਕਾਂ ਦੀ ਸੁਰੱਖਿਆ ਲਈ ਕਰੀਬ 3 ਹਜ਼ਾਰ ਪੁਲਿਸ ਮੁਲਾਜ਼ਮ ਸੜਕ ‘ਤੇ ਤਾਇਨਾਤ ਸਨ। ਇਸ ਦੌਰਾਨ ਪੁਲਿਸ ਨੇ ਜਨਤਕ ਥਾਵਾਂ ’ਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਹੰਗਾਮਾ ਕਰਨ ਵਾਲੇ ਲੋਕਾਂ ਨੇ ਕਿਪਸ ਮਾਰਕੀਟ ਵਿੱਚ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਫਿਰ ਰਾਤ ਪੌਣੇ ਇੱਕ ਵਜੇ ਦੇ ਕਰੀਬ ਕੁਝ ਸ਼ਰਾਰਤੀ ਅਨਸਰ ਰੇਲਵੇ ਸਟੇਸ਼ਨ ਦੇ ਬਾਹਰ ਹੰਗਾਮਾ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਸਟੇਸ਼ਨ ਦੇ ਬਾਹਰ ਹਲਕਾ ਲਾਠੀਚਾਰਜ ਵੀ ਕੀਤਾ। ਜੋ ਦੇਰ ਰਾਤ ਤੱਕ ਸੜਕਾਂ ‘ਤੇ ਬੇਵਜ੍ਹਾ ਘੁੰਮ ਰਹੇ ਸਨ, ਉਨ੍ਹਾਂ ਨੂੰ ਵੀ ਭਜਾ ਦਿੱਤਾ ਗਿਆ। ਪੁਲਿਸ ਦੀ ਮਾਹੌਲ ਖ਼ਰਾਬ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ। ਪੁਲੀਸ ਦੀਆਂ ਗੱਡੀਆਂ ਸ਼ਹਿਰ ਵਿੱਚ ਲਗਾਤਾਰ ਗਸ਼ਤ ਕਰ ਰਹੀਆਂ ਸਨ। ਇਸ ਦੇ ਨਾਲ ਹੀ ਚੌਰਾਹਿਆਂ ‘ਤੇ ਪੁਲਿਸ ਮੁਲਾਜ਼ਮ ਚੌਕਸ ਸਨ। ਉੱਚ ਅਧਿਕਾਰੀਆਂ ਵੱਲੋਂ ਟਰੈਫਿਕ ਪੁਲਿਸ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਉੱਚੀ ਆਵਾਜ਼ ਵਿੱਚ ਮਿਊਜ਼ਿਕ ਸਿਸਟਮ ਵਜਾਉਂਦਾ ਜਾਂ ਵਾਹਨ ਵਿੱਚ ਹੰਗਾਮਾ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।