ਪਿੰਡ ਬਾਦਲ ’ਚ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਵੱਡੀਆਂ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਬਾਦਲ, 04 ਮਈ : ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਵਿਖੇ ਹੋਇਆ। ਦੱਸ ਦਈਏ ਕਿ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ’ਚ ਸਮਾਗਮ ਕਰਵਾਇਆ ਗਿਆ ਸੀ। ਇਸ ਦੌਰਾਨ ਕਈ ਵੱਡੀਆਂ ਸ਼ਖਸੀਅਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਇਸ ਦੌਰਾਨ ਵੱਡੀ ਗਿਣਤੀ ’ਚ ਸੰਗਤ ਵੀ ਪਹੁੰਚੀਆਂ। ਜਿਨ੍ਹਾਂ ਵੱਲੋਂ ਬਾਦਲ ਸਾਬ੍ਹ ਨੂੰ ਸ਼ਰਧਾਂਜਲੀ ਦਿੱਤੀ ਗਈ। 

ਜੇਕਰ ਮੇਰੇ ਪਰਿਵਾਰ ਤੋਂ ਕਦੇ ਕੋਈ ਗਲਤੀ ਹੋਈ ਹੋਵੇ ਤਾਂ ਮੁਆਫੀ ਮੰਗਦਾ ਹਾਂ : ਸੁਖਬੀਰ ਸਿੰਘ ਬਾਦਲ
ਸਰਦਾਰ ਬਾਦਲ ਦੀ ਅੰਤਿਮ ਅਰਦਾਸ ’ਚ ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੇਰੇ ਕੋਲ ਸੰਗਤ ਤੇ ਸਮੁੱਚੀ ਪਾਰਟੀ ਨੂੰ ਸ਼ੁਕਰੀਆ ਕਹਿਣ ਲਈ ਲਫਜ਼ ਨਹੀਂ ਹਨ। ਪਿਛਲੇ 10 ਦਿਨਾਂ ’ਚ ਮੈ ਲੋਕਾਂ ਤੋਂ ਸਰਦਾਰ ਬਾਦਲ ਬਾਰੇ ਬਹੁਤ ਕੁਝ ਸੁਣਿਆ ਹੈ। ਪੰਜਾਬ ਦੇ ਹਰ ਪਰਿਵਾਰ ਨਾਲ ਸਰਦਾਰ ਬਾਦਲ ਦਾ ਕਿਸੇ ਨਾ ਕਿਸੇ ਤਰ੍ਹਾਂ ਜੁੜਾਅ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈ ਬਾਦਲ ਸਾਬ੍ਹ ਵੱਲੋਂ ਦੱਸੇ ਰਸਤੇ ’ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਮੇਰੇ ਪਰਿਵਾਰ ਤੋਂ ਕਦੇ ਕੋਈ ਗਲਤੀ ਹੋਈ ਹੋਵੇ ਤਾਂ ਮੁਆਫੀ ਮੰਗਦਾ ਹਾਂ। ਇੱਕਠੇ ਹੋ ਕੇ ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਸਰਦਾਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ 'ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਾਰ ਹੈ ਤੇ ਇਸ ਸੰਸਾਰ 'ਚ ਕੋਈ ਸਥਿਰ ਨਹੀਂ ਰਿਹਾ। ਵੱਡੀਆਂ-ਵੱਡੀਆਂ ਉਮਰਾਂ ਵਾਲੇ ਵੀ ਇਸ ਜਗਤ 'ਚ ਪੈਦਾ ਹੋਏ ਤੇ ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤਾਂ ਉਹ ਅਕਾਲ ਪੁਰਖ ਦੇ ਹੁਕਮ 'ਤੇ ਸੰਸਾਰ 'ਚੋਂ ਚੱਲ ਵਸੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਇਨ੍ਹਾਂ ਆਸਣਾਂ 'ਤੇ ਪਹਿਲਾਂ ਕਿੰਨੇ ਵਿਅਕਤੀ ਬੈਠੇ ਸਨ ਤੇ ਅੱਗੇ ਹੋਰ ਕਿੰਨੇ ਬੈਠਣਗੇ। ਜਿਹੜੇ ਜੀਵ ਆਉਂਦੇ ਨੇ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਜੀਵਨ ਜਿਉਂਦੇ ਹਨ ਪਰ ਉਹ ਜੀਵ ਕਦੇ ਯਾਦ ਨਹੀਂ ਰੱਖੇ ਜਾਂਦੇ ਸਗੋਂ ਯਾਦ ਉਹ ਰੱਖੇ ਜਾਂਦੇ ਹਨ, ਜੋ ਸਮਾਜ, ਲੋਕਾਈ, ਮਨੁੱਖਤਾ ਅਤੇ ਮਾਨਵਤਾ ਲਈ ਜ਼ਿੰਦਗੀ ਜਿਉਂਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਗੱਲ 1947 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਕਰਦਾ ਆਇਆ ਹੈ ਉਹ ਹੁਣ ਦੂਸਰੇ ਸੂਬੇ ਵੀ ਕਰਨ ਲੱਗ ਗਏ ਹਨ ਤੇ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਕੋਈ ਅੱਤਵਾਦੀ ਜਾਂ ਵੱਖਵਾਦੀ ਨਹੀਂ ਕਹਿੰਦਾ। ਜਥੇਦਾਰ ਨੇ ਦੱਸਿਆ ਕਿ ਜਥੇਦਾਰ ਦਿਆਲ ਸਿੰਘ ਜੀ ਦੀ ਯਾਦ 'ਚ ਪਰਿਵਾਰ ਨੇ ਪਾਠ ਰਖਵਾਇਆ ਸੀ ਤੇ ਮੇਰੀ ਮੁਲਾਕਾਤ ਉੱਥੇ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਬਹੁਤ ਖ਼ੂਬਸੂਰਤ ਗੱਲਾਂ ਕੀਤੀਆਂ ਸਨ। ਇਕ ਅਜਿਹੇ ਲੀਡਰ ਜਿਨ੍ਹਾਂ ਨੇ ਬਾਕੀ ਸੂਬਿਆਂ ਦੇ ਲੀਡਰਾਂ ਨੂੰ ਰਸਤਾ ਦਿਖਾਇਆ ਹੋਵੇ, ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ, ਸੰਗਤਾਂ ਤੇ ਨਜ਼ਦੀਕੀਆਂ ਨੂੰ ਘਾਟਾ ਪੈਣਾ ਯਕੀਨਨ ਹੈ ਪਰ ਅਜਿਹੇ ਵਿਅਕਤੀ ਲੋਕ ਚਹੇਤਿਆਂ 'ਚ ਯਾਦ ਰੱਖੇ ਜਾਂਦੇ ਹਨ ਤੇ ਰੱਖੇ ਜਾਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ 'ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ।  

ਦੇਸ਼ ਦੇ ਭਾਈਚਾਰੇ ਦਾ ਸਰਦਾਰ ਗੁਆਇਆ : ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਨੇ ਭਾਈਚਾਰੇ ਦਾ ਸਰਦਾਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਮੇਸ਼ਾ ਹਿੰਦੂ ਸਿੱਖ ਏਕਤਾ ਦੀ ਗੱਲ ਕੀਤੀ ਤੇ ਆਪਸੀ ਸਾਂਝੀ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਬਾਦਲ ਸਾਹਿਬ ਦੇਸ਼ ਦੇ ਇਕਲੌਤੇ ਅਜਿਹੇ ਸਿਆਸਤਦਾਨ ਰਹੇ ਜਿਹਨਾਂ ਨੇ 7 ਦਹਾਕੇ ਸਿਆਸਤ ਕੀਤੀ, ਪਰ ਕੋਈ ਵੀ ਉਹਨਾਂ ਦਾ ਵਿਰੋਧੀ ਨਹੀਂ ਰਿਹਾ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਅੱਜ ਆਪਣਾ ਸੱਚਾ ਹਿਤੈਸ਼ੀ ਗੁਆ ਲਿਆ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੂੰ ਜਦੋਂ ਵੀ ਉਹ ਮਿਲੇ ਤਾਂ ਹਰ ਵਾਰੀ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਭਾਵੇਂ ਸਾਡੀਆਂ ਪਾਰਟੀਆਂ ਵੱਖੋ ਵੱਖ ਸਨ ਪਰ ਇਸਦੇ ਬਾਵਜੂਦ ਬਾਦਲ ਸਾਹਿਬ ਬਹੁਤ ਪਾਰਦਰਸ਼ਤਾ ਵਾਲੀ ਗੱਲ ਰੱਖਦੇ ਸਨ। ਰਿਕਾਰਡ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ। ਉਨ੍ਹਾਂ ਦੇ ਜਾਣ ਨਾਲ ਹੀ ਭਾਈਚਾਰੇ ਦਾ ਸਰਦਾਰ ਚਲਾ ਗਿਆ। ਉਨ੍ਹਾਂ ਨੇ ਪੂਰਾ ਜੀਵਨ ਹਿੰਦੂ-ਸਿੱਖ ਏਕਤਾ ਲਈ ਸਮਰਪਤ ਕੀਤਾ। ਸਿਆਸਤ ਵਿਚ ਵਿਰੋਧ ਸਹਿਣ ਦੇ ਬਾਵਜੂਦ ਬਾਦਲ ਸਾਬ੍ਹ ਨੇ ਹਮੇਸ਼ਾ ਏਕਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਦਸਿਆ ਕਿ ਬਾਦਲ ਪਿੰਡ ਵਿਚ ਮਸਜਿਦ, ਮੰਦਰ ਅਤੇ ਗੁਰਦੁਆਰਾ ਸਾਹਿਬ ਬਾਦਲ ਸਾਹਿਬ ਵਲੋਂ ਹੀ ਬਣਵਾਇਆ ਗਿਆ। ਅਮਿਤ ਸ਼ਾਹ ਨੇ ਕਿਹਾ ਕਿ 1970 ਤੋਂ ਲੈ ਕੇ ਅੱਜ ਤਕ ਜਦ ਵੀ ਦੇਸ਼ ਲਈ ਖੜ੍ਹੇ ਹੋਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਕਦੀ ਵੀ ਪਿੱਠ ਨਹੀਂ ਦਿਖਾਈ। ਉਨ੍ਹਾਂ ਨੇ ਸੱਭ ਤੋਂ ਲੰਮਾਂ ਸਮਾਂ ਜੇਲ੍ਹ ਵਿਚ ਰਹਿ ਕੇ ਇਕ ਮਿਸਾਲ ਕਾਇਮ ਕੀਤੀ। ਐਮਰਜੈਂਸੀ ਵਿਰੁਧ ਉਹ ਲੋਕਤੰਤਰ ਦੀ ਰੱਖਿਆ ਲਈ ਚੱਟਾਨ ਵਾਂਗ ਖੜ੍ਹੇ ਰਹੇ। ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਣੇ ਕਈ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

ਪ੍ਰਕਾਸ਼ ਸਿੰਘ ਬਾਦਲ ਇਤਿਹਾਸ ’ਚ ਅਮਰ ਹੋ ਗਏ ਹਨ : ਮਨਪ੍ਰੀਤ ਸਿੰਘ ਬਾਦਲ 
ਬੀਜੇਪੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਤਿਹਾਸ ’ਚ ਅਮਰ ਹੋ ਗਏ ਹਨ। ਆਉਣ ਵਾਲੀਆਂ ਨਸਲਾਂ ਬਾਦਲ ਸਾਬ੍ਹ ਦੀ ਦੇਣ ਨੂੰ ਯਾਦ ਰੱਖਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਦੇ ਹੱਕ ਲਈ ਲੜ੍ਹ ਜਾਣ ਦਾ ਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਗਰੀਬ ਤੇ ਮਜਲੂਮ ਲਈ ਡੱਟ ਜਾਣ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਹੈ। ਆਪਸੀ ਭਾਈਚਾਰੇ ਲਈ ਡੱਟ ਜਾਣ ਦਾ ਨਾਂ ਸਰਦਾਰ ਬਾਦਲ ਹੈ। ਵਤਨ ਲਈ ਅਥਾਹ ਪ੍ਰੇਮ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਬਾਦਲ ਵੱਲੋਂ ਕੀਤੇ ਕੰਮਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਰਿਣੀ ਰਹਿਣਗੀਆਂ। ਰੱਬ ਦਾ ਸ਼ੁਕਰ ਹੈ ਕਿ ਪੰਜਾਬ ਨੂੰ ਸਰਦਾਰ ਬਾਦਲ ਵਰਗਾ ਲੀਡਰ ਦਿੱਤਾ ਹੈ। 
ਸਰਦਾਰ ਬਾਦਲ ਵੱਲੋਂ ਰੋਟੀ, ਕੱਪੜਾ ਅਤੇ ਮਕਾਨ ਤਿੰਨੋਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕੀਤੇ ਗਏ ਹਨ : ਚੌਟਾਲਾ 
ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਉਨ੍ਹਾਂ ਬਾਰੇ ਬੋਲਦਿਆਂ ਓਪੀ ਚੋਟਾਲਾ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਵੱਲੋਂ ਰੋਟੀ, ਕੱਪੜਾ ਅਤੇ ਮਕਾਨ ਤਿੰਨੋਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕੀਤੇ ਗਏ ਹਨ। ਉਹ ਕਿਸਾਨਾਂ ਦੀ ਭਲਾਈ ਚਾਹੁੰਦੇ ਸੀ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਇਨਸਾਫ਼ ਲਈ ਜੇਲ੍ਹਾਂ ਵੀ ਕੱਟੀਆਂ। ਉਨ੍ਹਾਂ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਕਿ ਉਹ ਅੰਤ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। 

photo d

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬੰਦੀ ਸਿੱਖਾਂ ਦਾ ਮੁੱਦਾ ਉਠਾਇਆ। 
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਵੀ ਅੰਤਿਮ ਅਰਦਾਸ ਸਮਾਗਮ ਵਿੱਚ ਬੰਦੀ ਸਿੱਖਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਦੀ ਵੀ ਇੱਛਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਇਆ ਜਾਵੇ। ਅੱਜ ਗ੍ਰਹਿ ਮੰਤਰੀ ਸਾਹਮਣੇ ਹਨ, ਇਸ ਲਈ ਉਹ ਇਹ ਮੁੱਦਾ ਉਠਾ ਰਹੇ ਹਨ। ਅੱਜ ਉਨ੍ਹਾਂ ਕੋਲ ਤਾਕਤ ਹੈ, ਇਸ ਲਈ ਉਨ੍ਹਾਂ ਨੂੰ ਬੰਦੀ ਸਿੱਖਾਂ ਲਈ ਕੋਈ ਫੈਸਲਾ ਲੈਣਾ ਚਾਹੀਦਾ ਹੈ।