6 ਜਨਵਰੀ ਦੀ ਮਾਲਵਾ ਮਹਾਂ -ਰੈਲੀ ਬਰਨਾਲਾ ਲਈ ਹੋਵੇਗਾ ਵੱਡਾ ਕਾਫਲਾ ਰਵਾਨਾ- ਦਸਮੇਸ਼ ਯੂਨੀਅਨ          

ਮੁੱਲਾਂਪੁਰ ਦਾਖਾ 3 ਜਨਵਰੀ(ਸਤਵਿੰਦਰ ਸਿੰਘ ਗਿੱਲ) ਦਸਮੇਸ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ  ਲੁਧਿਆਣਾ ਦੀ ਜਿਲ੍ਹਾ  ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਪਿੰਡ ਖੰਜਰਵਾਲ ਵਿਖੇ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਇਕਾਈਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਤੋਂ ਇਲਾਵਾ ਚੋਣਵੇਂ ਨੁਮਾਇੰਦੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ- ਵੱਖ ਆਗੂਆਂ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਕਮੇਟੀ ਮੈਂਬਰ ਗੁਰਸੇਵਕ ਸਿੰਘ ਸੋਨੀ, ਡਾ. ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ਨੇ ਵਿਸ਼ੇਸ਼ ਤੌਰ ਤੇ ਵਰਣਨ ਕੀਤਾ ਕਿ 23 ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ, ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਰੱਦ ਕਰਵਾਉਣ, ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਵਾਉਣ, ਕਿਸਾਨਾਂ ਮਜ਼ਦੂਰਾਂ ਦੇ 13 ਲੱਖ ਕਰੋੜ ਰੁ: ਦੇ ਕਰਜ਼ੇ ਖਤਮ ਕਰਵਾਉਣ, ਮਗਨਰੇਗਾ ਮਜ਼ਦੂਰਾਂ ਨੂੰ ਸਾਰਾ- ਸਾਲ ਕੰਮ ਤੇ ਪੂਰੀ ਉਜਰਤ ਯਕੀਨੀ ਬਣਾਉਣ, 60 ਸਾਲ ਦੀ ਉਮਰ ਤੇ ਕਿਸਾਨਾਂ ਤੇ  ਖੇਤ ਮਜ਼ਦੂਰਾਂ ਨੂੰ 10 ਹਜ਼ਾਰ  ਰੁ: ਮਾਸਕ ਪੈਨਸ਼ਨ ਚਾਲੂ ਕਰਵਾਉਣ ਸਮੇਤ ਸਾਰੀਆਂ ਅਹਿਮ ਮੰਗਾਂ ਮਨਵਾਉਣ ਲਈ ਅਤੇ ਲਾਗੂ  ਕਰਵਾਉਣ ਲਈ 18 ਕਿਸਾਨ ਜੱਥੇਬੰਦੀਆਂ ਦਾ  ਸਾਂਝਾ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ- ਰਾਜਨੀਤਿਕ) ਦੇ ਸਾਂਝੇ ਸੱਦੇ ਮੁਤਾਬਕ ,6 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਬਰਨਾਲਾ ਵਿਖੇ ਮਾਲਵਾ ਮਹਾਂ-ਰੈਲੀ ਜੱਥੇਬੰਦ ਕੀਤੀ ਜਾਵੇਗੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜੁਝਾਰੂ ਕਿਸਾਨ- ਮਜ਼ਦੂਰ ਪੂਰੇ ਜੋਸ਼- ਖਰੋਸ਼ ਨਾਲ ਵਧ ਚੜ ਕੇ ਭਾਰੀ ਸ਼ਮੂਲੀਅਤ ਕਰਨਗੇ। ਦਸ਼ਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ  ਲੁਧਿਆਣਾ ਦਾ ਵੱਡਾ ਕਾਫਲਾ ਚੌਂਕੀਮਾਨ ਟੋਲ ਪਲਾਜ਼ਾ ਵਿਖੇ ਇਕੱਤਰ ਹੋ ਕੇ ਬਰਨਾਲਾ ਨੂੰ 6 ਤਰੀਕ ਨੂੰ ਠੀਕ 9 ਵਜੇ ਰਵਾਨਗੀ ਕਰੇਗਾ। ਆਗੂਆਂ ਨੇ ਐਲਾਨ ਕੀਤਾ ਕਿ ਬਰਨਾਲਾ ਰੈਲੀ ਮੌਕੇ ਉਪਰੋਕਤ ਮੋਰਚਿਆਂ ਦੇ ਚੋਟੀ ਦੇ ਆਗੂ ਕੇਂਦਰ ਦੀ ਫਿਰਕੂ- ਫਾਸ਼ੀ ਤੇ ਕਿਸਾਨ- ਮਜ਼ਦੂਰ ਵਿਰੋਧੀ ਮੋਦੀ ਹਕੂਮਤ ਵਿਰੁੱਧ ਨਵੇਂ ਦਿੱਲੀ -ਮੋਰਚੇ ਦੀਆਂ ਤਰੀਕਾਂ ਤੇ ਪ੍ਰੋਗਰਾਮ ਦਾ ਐਲਾਨ ਕਰਨਗੇ। ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਬਿਰਕ ,ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਖੰਜਰਵਾਲ, ਗੁਰਚਰਨ ਸਿੰਘ ਤਲਵੰਡੀ ,ਅਵਤਾਰ ਸਿੰਘ ਤਾਰ, ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਜਸਵੰਤ ਸਿੰਘ ਮਾਨ ,ਵਿਜੇ ਕੁਮਾਰ ਪੰਡੋਰੀ, ਗੁਰਦੀਪ ਸਿੰਘ ਮੰਡਿਆਣੀ ,ਜਸਪਾਲ ਸਿੰਘ ਮੰਡਿਆਣੀ, ਬਲਤੇਜ ਸਿੰਘ ਤੇਜੂ ਸਿੱਧਵਾਂ, ਸੁਖਦੇਵ ਸਿੰਘ ਤਲਵੰਡੀ, ਮਲਕੀਤ ਸਿੰਘ, ਸੁਖਚੈਨ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ।