ਗੋਇਲ ਪਰਿਵਾਰ ਵੱਲੋਂ ਆਪਣੇ ਪਿਤਾ ਮੂਲ ਚੰਦ ਗੋਇਲ ਦੀ 43ਵੀਂ ਬਰਸੀ ’ਤੇ ਲਾਇਆ ਲੰਗਰ

  • ਬਿਰਧ ਆਸ਼ਰਮ ਨਹੀਂ ਬਲਕਿ ਬਜ਼ੁਰਗਾਂ ਦੀ ਘਰ ’ਚ ਹੋਵੇ ਸੇਵਾ – ਆਰ.ਪੀ. ਗੋਇਲ

ਮੁੱਲਾਪੁਰ ਦਾਖਾ 08 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸਿਆਣੇ ਆਖਦੇ ਨੇ ਕਿ ਪੁੱਤ-ਸਪੁੱਤ ਉਹ ਹੁੰਦੇ ਹਨ ਜੋ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆ ਉਨ੍ਹਾਂ ਵੱਲੋਂ ਦਿੱਤੇ ਸਿਧਾਂਤਾ ਪਹਿਰਾ ਦੇਣ। ਅਜਿਹੀ ਹੀ  ਮਿਸਾਲ ਸਥਾਨਕ ਕਸਬੇ ਦੇ ਰਹਿਣ ਵਾਲੇ ਗੋਇਲ ਪਰਿਵਾਰ ਤੋਂ ਮਿਲਦੀ ਜਿਨ੍ਹਾਂ ਨੇ ਸਤਿਕਾਰਯੋਗ ਪਿਤਾ ਮਰਹੂਮ ਮੂਲ ਚੰਦ ਗੋਇਲ ਪਮਾਲ ਵਾਲੇ ਦੀ ਮਿੱਠੀ ਤੇ ਨਿੱਘੀ ਯਾਦ ’ਚ 43ਵੀਂ ਬਰਸੀ ਮੌਕੇ ਅਨਾਜ ਮੰਡੀਂ ਵਿੱਚ ਲੋੜਵੰਦਾਂ ਲਈ ਸ਼ੋਅਲੇ-ਪੂੜੀਆਂ ਅਤੇ ਹਲਵੇ ਦਾ ਲੰਗਰ ਲਾਇਆ ਗਿਆ। ਜਿਸਦੀ ਸ਼ੁਰੂਆਤ ਉਨ੍ਹਾਂ ਦੇ ਫਰਜੰਦ ਉੱਘੇ ਸਮਾਜ ਸੇਵੀ,ਆੜ੍ਹਤੀਆ ਰਾਮ ਪ੍ਰਤਾਪ ਗੋਇਲ ਅਤੇ ਸ਼ੀਸਪਾਲ ਗੋਇਲ ਸ਼ਾਂਝੇ ਤੌਰ ’ਤੇ ਕੀਤੀ । ਇਸ ਮੌਕੇ ਉਨ੍ਹਾਂ ਨਾਲ  ਰਣਜੀਤ ਸਿੰਘ ਚੱਕੀ ਵਾਲੇ, ਸ਼ੰਕਰ ਗੋਇਲ, ਸੁਰਿੰਦਰ ਕੁਮਾਰ, ਊਦੈ ਗੋਇਲ, ਦਰਸ਼ਨਾ ਰਾਣੀ, ਚਾਰੂ ਗੋਇਲ, ਦੀਆ ਗੋਇਲ ਸਮੇਤ ਹੋਰ ਵੀ ਸ਼ਹਿਰ ਵਾਸੀ ਹਾਜਰ ਸਨ। ਇਸ ਮੌਕੇ ਰਾਮ ਪ੍ਰਤਾਪ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਮੂਲ ਚੰਦ ਗੋਇਲ ਦੀ 43ਵੀਂ ਬਰਸੀ ਅੱਜ ਗੋਇਲ ਪਰਿਵਾਰ ਵੱਲੋਂ ਮਨਾਈ ਗਈ ਹੈ, ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਮੂਲਚੰਦ ਗੋਇਲ ਜੀ ਆਪਣੇ ਪੁਰਾਣੇ ਪਿੰਡ ਪਮਾਲ ਵਿਖੇ ਸਖਤ ਮਿਹਨਤ ਕਰਕੇ ਉਨ੍ਹਾਂ ਨੂੰ ਕਾਬਿਲ ਬਣਾਇਆ ਹੈ, ਅੱਜ ਜੋ ਵੀ ਮੁਕਾਮ ਹੈ ਉਨ੍ਹਾਂ ਬਜ਼ੁਰਗਾਂ ਦਾ ਬਹੁਤ ਵੱਡੀ ਦੇਣ ਹੈ, ਫਿਰ ਕਿਉਂ ਨਾ ਉਨ੍ਹਾਂ ਦੀ ਬਰਸੀ ਮਨਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਗੋਇਲ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਬਾਬੂ ਮੂਲ ਚੰਦ ਗੋਇਲ ਦੀ ਬਰਸੀ ਸਮਾਗਮ ਕਰਵਾਉਦੇ ਆ ਰਹੇ ਹਨ ਅਤੇ ਅੱਗੇ ਵੀ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਬੁੱਢੇ ਮਾਂ-ਬਾਪ ਨੂੰ ਬਿਰਧ ਆਸ਼ਰਮਾਂ ’ਚ ਛੱਡਣ ਵਾਲਿਆਂ ’ਤੇ ਤੰਜ ਕਸਦਿਆ ਕਿਹਾ ਬਜ਼ੁਰਗਾਂ ਦੀ ਆਸ਼ਰਮਾਂ ਵਿੱਚ ਨਹੀਂ ਬਲਕਿ ਘਰ ਅੰਦਰ ਸੇਵਾ ਕਰਨੀ ਚਾਹੀਦੀ ਹੈ।