ਪੀ ਏ ਯੂ ਵਿਚ ਮਜ਼ਦੂਰ ਦਿਹਾੜਾ ਮਨਾਇਆ ਗਿਆ

ਲੁਧਿਆਣਾ 2 ਮਈ : ਪੀ ਏ ਯੂ ਵਿਚ ਮਜ਼ਦੂਰ ਦਿਵਸ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਰਤ ਦੇ ਮਹੱਤਵ ਨੂੰ ਉਜਾਗਰ ਕਰਦਾ ਝੰਡਾ ਲਹਿਰਾਇਆ। ਡਾ ਗੋਸਲ ਨੇ ਇਸ ਮੌਕੇ ਕਿਹਾ ਕਿ ਇਹ ਦਿਨ ਸਾਨੂੰ ਮਿਹਨਤੀ ਲੋਕਾਂ ਵਲੋਂ ਕੀਤੀ ਸਿਰਜਣਾ ਤੇ ਦੁਨੀਆਂ ਨੂੰ ਬਿਹਤਰੀਨ ਬਣਾਉਣ ਲਈ ਪਾਏ ਯੋਗਦਾਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੀ ਸਫਲਤਾ ਵਿਚ ਉਸਦੇ ਕਿਰਤੀ ਅਤੇ ਮਜ਼ਦੂਰਾਂ ਦਾ ਬੜਾ ਅਭਿੰਨ ਯੋਗਦਾਨ ਹੁੰਦਾ ਹੈ। ਪੀ ਏ ਯੂ ਦੀ ਹਰ ਕਾਮਯਾਬੀ ਵਿਚ ਇਸਦੇ ਸਾਰੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੇ ਭਰਵਾਂ ਯੋਗਦਾਨ ਪਾਇਆ ਹੈ। ਕੁਝ ਸਾਲ ਪਹਿਲਾਂ ਯੂਨੀਵਰਸਿਟੀ ਨੂੰ ਰਾਸ਼ਟਰੀ ਪੱਧਰ ਤੇ ਸਭ ਤੋਂ ਸਾਫ ਸੁਥਰੇ ਅਤੇ ਹਰੇ ਭਰੇ ਕੈਂਪਸ ਦਾ ਐਵਾਰਡ ਮਿਲਿਆ ਸੀ। ਇਸਦਾ ਸਿਹਰਾ ਵੀ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਮਜ਼ਦੂਰਾਂ ਤੇ ਕਿਰਤੀਆਂ ਦੇ ਸਿਰ ਬੱਝਦਾ ਹੈ। ਡਾ ਗੋਸਲ ਨੇ ਕਿਹਾ ਕਿ ਇਸ ਦਿਨ ਸਾਨੂੰ ਕਿਰਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ ਜਿਸਦਾ ਸੰਦੇਸ਼ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸੰਦੇਸ਼ ਵਿਚ ਦਿੱਤਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਤਮਾਮ ਸੁਰੱਖਿਆ ਅਧਿਕਾਰੀ, ਖੇਤ ਮਜ਼ਦੂਰ ਤੇ ਸਫ਼ਾਈ ਸੇਵਕ ਮੌਜੂਦ ਰਹੇ।