ਮਜ਼ਦੂਰ ਦਿਵਸ ਤੇ ਸਾਨੂੰ ਛੁੱਟੀ ਤਾ ਕੀ ਭਾਅ, ਕੰਮ ਕਰਾਂਗੇ ਤਾਂ ਹੀ ਰੋਟੀ ਮਿਲੇਗੀ : ਦਰਸ਼ਨ ਸਿੰਘ

ਰਾਏਕੋਟ, 01 ਮਈ (ਚਮਕੌਰ ਸਿੰਘ ਦਿਓਲ) : ਭਾਰਤ ਵਿੱਚ ਇੱਕ ਮਈ 1923 ਤੋਂ  ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ । ਕੌਮਾਂਤਰੀ ਮਜ਼ਦੂਰ ਦਿਵਸ ਨੂੰ ਮਈ ਦਿਵਸ ਵੀ ਕਿਹਾ ਜਾਂਦਾ ਹੈ। ਮਈ ਦਿਵਸ ਨੂੰ ਸਰਮਾਏਦਾਰਾ ਲੁੱਟ ਤੇ ਗੁਲਾਮੀ ਖ਼ਿਲਾਫ਼ ਮਜ਼ਦੂਰਾਂ ਦੇ ਘੋਲ਼ ਵਜੋਂ ਜਾਣਿਆ ਜਾਂਦਾ ਹੈ। ਮਈ ਦਿਵਸ ਦਾ ਇਤਿਹਾਸ ਮਜ਼ਦੂਰਾਂ ਨੂੰ ਸਿੱਖਿਆ ਦਿੰਦਾ ਹੈ ਕਿ ਉਹ ਆਪਣੇ ਹੱਕ ਪਛਾਣਨ ਤੇ ਸਰਮਾਏਦਾਰਾ ਗੁਲਾਮੀ, ਜਿੱਲਤ ਭਰੀ ਜਿੰਦਗੀ ਤੋਂ ਛੁਟਕਾਰਾ ਪਾਉਣ।ਮਜ਼ਦੂਰਾਂ ਨੇ ਸਰਮਾਏਦਾਰਾ ਲੁੱਟ ਖ਼ਿਲਾਫ਼ ਘੋਲ਼ ਕੀਤੇ, ਸ਼ਹੀਦੀਆਂ ਵੀ ਦਿਤੀਆਂ ਤਾਂ ਜੋ ਆਪਣੀ ਕੀਤੀ ਮੇਹਨਤ ਦਾ ਸਹੀ ਹੱਕ ਪਾ ਸਕਣਙ  ਕਈ ਸਰਕਾਰਾਂ ਨੇ ਮਜਦੂਰਾਂ ਦੇ ਏਕੇ ਤੇ ਸੰਘਰਸ਼ ਨੂੰ ਦੇਖਦੇ ਹੋਏ ਉਹਨਾਂ ਨੂੰ ਮਈ ਦਿਵਸ 'ਤੇ ਕਈ ਸਹੂਲਤਾਂ ਵੀ ਦਿਤੀਆਂ, ਉਹਨਾਂ ਦੀ ਭਲਾਈ ਲਈ ਕਈ ਸਕੀਮਾਂ ਵੀ ਚਾਲੂ ਕੀਤੀਆਂ ਪਰ ਫੇਰ ਵੀ ਅੱਜ ਦਾ ਮਜ਼ਦੂਰ ਉਹ ਸੁੱਖ ਪ੍ਰਾਪਤ ਨਹੀਂ ਕਰ ਸਕੀਆਂ ਜਿਸ ਦਾ ਉਹ ਹੱਕਦਾਰ ਸੀ ਙ ਹੋਰ ਤਾਂ ਹੋਰ ਅੱਜ ਮਈ ਦਿਵਸ 'ਤੇ ਹੀ ਮਜ਼ਦੂਰ ਦਿਹਾੜੀ ਕਰ ਰਿਹਾ ਤੇ ਅਫਸਰ ਮਈ ਦਿਵਸ ਦੀ ਛੁੱਟੀ ਦਾ ਅਨੰਦ ਮਾਣ ਰਿਹਾ ਙ ਜਦੋਂ ਇਸ ਸਬੰਧੀ ਮਜ਼ਦੂਰੀ ਦਾ ਕੰਮ ਕਰਦੇ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਇਸ ਸਬੰਧੀ ਰੰਗ ਰੋਗਨ ਦਾ ਕੰਮ ਕਰਦੇ ਪੇਂਟਰ ਦਰਸ਼ਨ ਸਿੰਘ ਨੇ ਕਿਹਾ ਕਿ ਉਸ ਨੂੰ ਤਾਂ ਪਤਾ ਹੀ ਨਹੀਂ ਕਿ ਅੱਜ ਮਜ਼ਦੂਰ ਦਿਵਸ ਹੈ, ਉਸਨੇ ਕਿਹਾ ਕਿ ਸਾਨੂੰ ਮਜ਼ਦੂਰ ਦਿਵਸ ਦਾ ਕੀ ਭਾਅ ਅਗਰ ਦਿਹਾੜੀ ਲਗਾਵਾਂਗੇ ਫਿਰ ਹੀ ਰੋਟੀ ਮਿਲੇਗੀ। ਘਰ ਉਸਾਰੀ ਦਾ ਕੰਮ ਕਰ ਰਹੇ ਸਤਨਾਮ ਸਿੰਘ, ਸੋਹਣ ਸਿੰਘ ਅਤੇ ਨਾਇਬ ਸਿੰਘ ਨੇ ਕਿਹਾ ਕਿ ਭਾਵੇਂ ਕਿ ਮਜ਼ਦੂਰ ਦਿਵਸ ਪਿਛਲੇ ਕਈ ਸਾਲਾਂ ਤੋਂ ਮਨਾਇਆ ਜਾਂਦਾ ਹੈ, ਪਰ ਇਹ ਦਿਨ ਇੱਕ ਵਿਖਾਵੇ ਵਜੋਂ ਹੀ ਮਨਾਇਆ ਜਾ ਰਿਹਾ ਹੈ, ਕਿਉਂਕਿ ਮਜ਼ਦੂਰ ਦੀ ਜ਼ਿੰਦਗੀ ਵਿੱਚ ਅੱਜ ਤੱਕ ਕੋਈ ਜਿਆਦਾ ਬਦਲਾਅ ਨਹੀਂ ਆਇਆ, ਉਨ੍ਹਾਂ ਕਿਹਾ ਕਿ ਮਜ਼ਦੂਰ ਰੋਜੀ ਰੋਟੀ ਲਈ ਦਿਹਾੜੀ ਲਗਾਉਣਗੇ ਤਾਂ ਹੀ ਉਨ੍ਹਾਂ ਦਾ ਘਰ ਚੱਲੇਗਾ। ਦਾਣਾ ਮੰਡੀ ਵਿੱਚ ਮਜ਼ਦੂਰੀ ਕਰਦੇ ਪੰਮਾ ਸਿੰਘ ਅਤੇ ਉਸਦੇ ਸਾਥੀਆਂ ਨੇ ਕਿਹਾ ਕਿ ਸਾਨੂੰ ਮਜ਼ਦੂਰ ਦਿਵਸ ਦੀ ਛੁੱਟੀ ਹੋਣ ਦਾ ਫਾਇਦਾ ਜਾਂ ਨੁਕਸਾਨ ਨਹੀਂ ਹੈ, ਕਿਉਂਕਿ ਉਹਨਾਂ ਨੂੰ ਆਪਣੇ ਘਰ ਦਾ ਗੁਜਾਰਾ ਕਰਨ ਲਈ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਹੀ ਪੈਂਦੀ ਹੈ, ਅਗਰ ਉਹ ਕੰਮ ਕਰਨਗੇ ਤਾਂ ਹੀ ਉਨ੍ਹਾਂ ਨੂੰ ਰੋਟੀ ਮਿਲੇਗੀ।