ਡਿੱਬਰੂਗੜ ਜੇਲ੍ਹ ’ਚ ਬੰਦ ਕੁਲਵੰਤ ਸਿੰਘ ਰਾਉਂਕੇ ਵੀ ਲੜੇਗਾ ਜਿਮਨੀ ਚੋਣ

ਬਰਨਾਲਾ, 29 ਜੂਨ 2024 : ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ ਦੇ ਵਿੱਚ ਬੰਦ ਕੁਲਵੰਤ ਸਿੰਘ ਰਾਉਕੇ ਵੀ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜਨ ਜਾ ਰਹੇ ਹਨ। ਕੁਲਵੰਤ ਸਿੰਘ ਰਾਉਂਕੇ ਦੇ ਭਰਾ ਮਹਾ ਸਿੰਘ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਵੱਲੋਂ ਚੋਣ ਲੜੀ ਗਈ ਸੀ ਜਿਸ ਦੇ ਵਿੱਚ ਉਹ ਜੇਤੂ ਰਹੇ ਸਨ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਉਰਫ ਬਾਜੇਕੇ ਵੱਲੋਂ ਗਿੱਦੜਵਾਹਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਇਹ ਐਲਾਨ ਬਾਜੇਕੇ ਦੇ ਨਾਬਾਲਿਗ ਪੁੱਤਰ ਵੱਲੋਂ ਕੀਤਾ ਗਿਆ ਸੀ। ਮੀਤ ਹੇਅਰ ਵੱਲੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਬਰਨਾਲਾ ਦੀ ਸੀਟ ਖਾਲੀ ਹੋ ਗਈ ਹੈ। ਬਰਨਾਲਾ ਵਿਖੇ ਵੀ ਜਿਮਨੀ ਚੋਣਾਂ ਹੋਣਗੀਆਂ। ਭਾਈ ਕੁਲਵੰਤ ਸਿੰਘ ਰਾਉਕੇ ਦੇ ਭਰਾ ਮਹਾ ਸਿੰਘ ਮੁਤਾਬਕ ਉਹ ਬਰਨਾਲਾ ਤੋਂ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ। ਕੁਲਵੰਤ ਸਿੰਘ ਦੇ ਭਰਾ ਮਹਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਉਹਨਾਂ ਨੇ ਸ਼ੁਕਰਵਾਰ ਨੂੰ ਆਪਣੇ ਭਰਾ ਦੇ ਨਾਲ ਫੋਨ ਤੇ ਗੱਲ ਕੀਤੀ ਸੀ। ਉਹਨਾਂ ਮੁਤਾਬਿਕ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ, ਬਰਨਾਲਾ ਤੋਂ ਉਪ ਚੋਣ ਲੜਨ ਦਾ ਫੈਸਲਾ ਭਾਈ ਕੁਲਵੰਤ ਸਿੰਘ ਰਾਉਂਕੇ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ, ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਾਂਗੇ। ਮੋਗਾ ਜ਼ਿਲੇ ਦੇ ਪਿੰਡ ਰਾਉਂਕੇ ਦਾ ਰਹਿਣ ਵਾਲਾ ਕੁਲਵੰਤ ਸਿੰਘ ਰਾਉਂਕੇ ਪੀਐਸਪੀਸੀਐਲ ਵਿੱਚ ਕਲਰਕ ਹੈ। ਅਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਵੇਲੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਰਾਉਂਕੇ ਦੇ ਪਿਤਾ ਚੜਤ ਸਿੰਘ ਵੀ ਖਾੜਕੂਵਾਦ ਵੇਲੇ 25 ਮਾਰਚ 1993 ਨੂੰ ਘਰੋਂ ਗਾਇਬ ਹੋ ਗਏ ਸਨ। ਉਹਨਾਂ ਦਾ ਅੱਜ ਤੱਕ ਪਤਾ ਨਹੀਂ ਚੱਲਿਆ ਪਰਿਵਾਰ ਦਾ ਕਹਿਣਾ ਹੈ ਕਿ, ਉਹਨਾਂ ਕੋਲ ਉਸ ਦੀ ਮੌਤ ਦਾ ਕੋਈ ਸਬੂਤ ਨਹੀਂ ਹੈ। ਕੁਲਵੰਤ ਸਿੰਘ ਰਾਉਂਕੇ ਦੇ ਭਰਾ ਮਹਾ ਸਿੰਘ ਨੇ ਦੱਸਿਆ ਹੈ ਕਿ, ਉਹਨਾਂ ਦੇ ਪਿਤਾ ਵੀ 1987 ਦੇ ਵਿੱਚ ਐਨਐਸਏ ਦੇ ਤਹਿਤ ਜੇਲ ਦੇ ਵਿੱਚ ਬੰਦ ਸਨ। ਉਹ ਯੂਥ ਅਕਾਲੀ ਦਲ ਦੇ ਮੈਂਬਰ ਸਨ। ਮਹਾਂ ਸਿੰਘ ਮੁਤਾਬਿਕ ਉਹਨਾਂ ਨੂੰ 25 ਮਾਰਚ 1993 ਨੂੰ ਘਰੋਂ ਚੁੱਕ ਲਿਆ ਗਿਆ ਸੀ, ਅਤੇ ਪਰਿਵਾਰ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹਨਾਂ ਦਾ ਕੀ ਬਣਿਆ।