ਕੇ.ਐਸ. ਗੁਰੱਪ ਅਤੇ ਪੱਤਰਕਾਰ ਭਾਈਚਾਰੇ ਦੀ ਨਿਵੇਕਲੀ ਪਹਿਲਕਦਮੀ

  • ਮਾਲੇਰਕੋਟਲਾ ਸ਼ਹਿਰ ਅਤੇ ਨੇੜਲੇ ਪਿੰਡਾਂ ਦਾ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ  ਫਲਦਾਰ,ਛਾਂਦਾਰ ਰੁੱਖ
  • ਡਿਪਟੀ ਕਮਿਸ਼ਨਰ,ਏ.ਡੀ.ਸੀ ਅਤੇ ਚੇਅਰਮੈਂਨ ਕੇ.ਐਸ.ਗੁਰੱਪ ਨੇ ਦਫ਼ਤਰ ਡਿਪਟੀ ਕਮਿਸ਼ਨਰ  ਵਿਖੇ ਫੱਲਦਾਰ ਪੌਦੇ ਲਗਾਏ
  • ਡਿਪਟੀ ਕਮਿਸ਼ਨਰ ਨੇ ਦਫ਼ਤਰਾਂ, ਘਰਾਂ,ਫੈਕਟਰੀਆਂ, ਵਪਾਰਿਕ ਸਥਾਨਾਂ ਅਤੇ ਹੋਰ ਸਾਂਝੀਆਂ ਥਾਵਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾ ਕੇ  ਵਾਤਾਵਰਣ ਨੂੰ ਸੁਰੱਖਿਅਤ ਕਰਨ ਦੀ ਕੀਤੀ ਅਪੀਲ

ਮਾਲੇਰਕੋਟਲਾ 02 ਅਗਸਤ : ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਧਰਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਤੇ ਪੰਜਾਬ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਤੇ 'ਰੰਗਲਾ ਪੰਜਾਬ' ਮੁਹਿੰਮ ਤਹਿਤ ਨਾਮਵਰ ਕੇ.ਐਸ.ਗੁਰੱਪ ਅਤੇ ਪੱਤਰਕਾਰ (ਜ਼ਿਲ੍ਹਾ ਪ੍ਰੈਸ ਕਲੱਬ ਐਕਟਿਵ) ਭਾਈਚਾਰੇ ਨੇ ਨਿਵੇਕਲੀ ਪਹਿਲਕਦਮੀ ਤਹਿਤ ਫੱਲਦਾਰ,ਫੁਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ । ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ ਪੱਲਵੀ,ਵਧੀਕ ਡਿਪਟੀ ਕਮਿਸ਼ਨਰ(ਵਿਕਾਸ਼) ਸ੍ਰੀਮਤੀ ਨਵਦੀਪ ਕੌਰ ਅਤੇ ਕੇ.ਐਸ. ਗੁਰੱਪ ਦੇ ਚੇਅਰਮੈਂਨ ਸ੍ਰੀ ਇੰਦਰਜੀਤ ਸਿੰਘ ਮੁੰਡੇ ਨੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਕੇਸ਼ਰ ਅੰਬ ਅਤੇ ਸੰਤਰੇ ਦੇ ਪੌਦੇ ਲਗਾਕੇ ਕੀਤੀ। ਡਿਪਟੀ ਕਮਿਸ਼ਨਰ ਨੇ ਪੱਤਰਕਾਰ ਭਾਈਚਾਰੇ(ਜ਼ਿਲ੍ਹਾ ਪ੍ਰੈਸ ਕਲੱਬ ਐਕਟਿਵ) ਅਤੇ ਕੇ.ਐਸ.ਗੁਰੱਪ ਵੱਲੋਂ ਆਰੰਭੇ ਸਾਂਝੇ ਉਪਰਾਲੇ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਹਰਿਆਲੀ ਵਧਾਉਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਜ਼ਿਲ੍ਹੇ ਵਿੱਚ " ਗ੍ਰੀਨ ਪੰਜਾਬ ਮਿਸ਼ਨ " ਤਹਿਤ ਵੱਖ-ਵੱਖ ਵਿਭਾਗਾਂ ਅਧੀਨ ਆਉਂਦੀਆਂ ਸਰਕਾਰੀ/ ਗ਼ੈਰ ਸਰਕਾਰੀ ਜ਼ਮੀਨਾਂ ’ਤੇ ਪੰਜ ਲੱਖ ਪੌਦੇ ਲਗਾਉਣ ਦਾ ਟੀਚਾ ਮੀਥਿਆ ਗਿਆ ਹੈ। ਡਾ ਪੱਲਵੀ ਨੇ ਪੱਤਰਕਾਰਾ ਅਤੇ ਜ਼ਿਲ੍ਹੇ ਦੀ ਉਦਯੋਗਿਕ ਸੰਸਥਾ ਦੀ ਇਸ ਪਹਿਲ ਕਦਮੀ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਵਾਤਾਵਰਣ ਪੱਖੀ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਸੂਬੇ ਅਤੇ ਜ਼ਿਲ੍ਹੇ ਦੀਆਂ ਸਮਰਪਿਤ ਸੰਸਥਾਵਾਂ ਅੱਗੇ ਆ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਉਨ੍ਹਾਂ ਦਫ਼ਤਰਾਂ, ਘਰਾਂ,ਫੈਕਟਰੀਆਂ, ਵਪਾਰਿਕ ਸਥਾਨਾਂ ਅਤੇ ਹੋਰ ਸਾਂਝੀਆਂ ਥਾਵਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾ ਕੇ  ਵਾਤਾਵਰਣ ਨੂੰ ਸੁਰੱਖਿਅਤ ਕਰਨ ਦੀ ਅਪੀਲ ਕੀਤੀ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ਼) ਸ੍ਰੀਮਤੀ ਨਵਦੀਪ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਜਨਤਕ ਲਹਿਰ 'ਚ ਬਦਲਣ ਲਈ ਪੱਤਰਕਾਰ ਭਾਈਚਾਰੇ ਦੇ ਇਸ ਉਪਰਾਲੇ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਇੰਟਰਨੈਸ਼ਨਲ ਪੀਸ ਐਵਾਰਡੀ ਦੁਬਈ, ਇੰਟਰਨੈਸ਼ਨਲ ਲਾਈਫਟਾਈਮ ਐਚੀਵਮੈਂਟ ਐਵਾਰਡੀ ਦੁਬਈ ਚੇਅਰਮੈਂਨ ਕੇ.ਐਸ. ਗੁਰੱਪ ਸ੍ਰੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਕਰਨਾ ਸਾਡੇ ਸਾਰਿਆਂ ਦਾ ਪਹਿਲ ਹੋਣੀ ਚਾਹੀਦੀ ਹੈ ਕਿਉਂਕਿ ਗੁਰੂਆਂ ਦਾ ਫ਼ਲਸਫ਼ਾ ਸਾਨੂੰ ਹਮੇਸ਼ਾ ਕੁਦਰਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਪੰਜਾਬੀਆਂ ਨੂੰ ਰੁੱਖ ਲਗਾ ਕੇ ਅਤੇ ਕੁਦਰਤੀ ਸਰੋਤਾਂ ਨੂੰ ਬਚਾ ਕੇ ਆਪਣੇ ਗੁਰੂਆਂ ਦੇ ਸੱਚੇ ਅਨੁਯਾਈ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰੈਸ ਕਲੱਬ ਐਕਟਿਵ  ਦੇ ਪ੍ਰਧਾਨ ਸੁਖਾ ਖੇੜੀ ਵਾਲਾ (ਡੇਲੀ ਪੋਸਟ) ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਦਿਆਂ ਸਾਨੂੰ ਕੁਦਰਤ ਦੇ ਹਿੱਤ ਵਿੱਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਸ਼ਹਿਰ ਨੂੰ ਹੋਰ ਸੋਹਣਾ ਅਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।  ਇਸ ਮੌਕੇ ਡੀ.ਡੀ.ਪੀ.ਓ ਸ੍ਰੀਮਤੀ ਰਿੰਪੀ ਗਰਗ,ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ ਹਰਬੰਸ ਸਿੰਘ,ਬੀ.ਡੀ.ਪੀ.ਓ ਅਹਿਮਦਗੜ੍ਹ ਸ੍ਰੀ ਕ੍ਰਿਸ਼ਨ ਸਿੰਘ ,ਜ਼ਿਲ੍ਹਾ ਪ੍ਰੈਸ ਕਲੱਬ ਐਕਟਿਵ ਦੇ ਮੈਂਬਰ ਜਮੀਲ ਖੇੜੀ ਵਾਲਾ(ਪੀ.ਟੀ.ਸੀ. ਅਤੇ ਡੀ.ਡੀ.ਨਿਊਜ) ਪੰਜਾਬ ਕੇਸ਼ਰੀ ਗੁਰੱਪ ਦੇ ਪੱਤਰਕਾਰ ਜਹੂਰ ਅਹਿਮਦ ਚੌਹਾਨ, ਅਜੀਤ ਗਰੁੱਪ ਦੇ ਪੱਤਰਕਾਰ ਸ੍ਰੀ ਪਾਰਸ ਜੈਨ, ਹਨੀਫ ਥਿੰਦ,ਜਸਵੀਰ ਸਿੰਘ ਜੱਸੀ,ਸੋਕਤ ਅਲੀ,ਮਨਦੀਪ ਸਿੰਘ,ਜੁਝਾਰ ਟਾਈਮਜ਼ ਤੋਂ ਸ੍ਰੀ ਕੁਲਵੰਤ ਸਿੰਘ ਮੋਹਾਲੀ, ਸਪੋਕਸਮੈਨ ਤੋਂ ਇਸਮਾਈਲ ਏਸ਼ੀਆਂ ਤੋਂ ਇਲਾਵਾ ਹੋਰ ਪੱਤਰਕਾਰ ਵੀ ਮੌਜੂਦ ਸਨ ।