ਕੋਟਫੱਤਾ ਵਾਲੀ ਘਟਨਾ ਆਪ ਦੇ ਭ੍ਰਿਸ਼ਟਾਚਾਰ ਵਿਰੁੱਧ ਨਾਕਾਮੀ ਦਾ ਤੀਸਰਾ ਸਬੂਤ :ਬਾਦਲ

ਬਠਿੰਡਾ, 22 ਫਰਵਰੀ : ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਲੋਨੀ ਵਾਸੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਟੀਵੀ ਕੈਮਰੇ ਲਗਾਉਣ ਸਬੰਧੀ 5 ਲੱਖ ਰੁ. ਦੀ ਗ੍ਰਾਂਟ ਆਪਣੇ ਐਮਪੀਲੈਡ ਫੰਡ ਵਿਚੋਂ ਮੁਹੱਲਾ ਵਾਸੀਆਂ ਨੂੰ ਭੇਂਟ ਕੀਤੀ। ਇਸਸਦੇ ਨਾਲ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ‘ਤੇ ਵੀ ਰੱਜ ਕੇ ਨਿਸ਼ਾਨੇ ਲਗਾਏ। ਇਸ ਮੌਕੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਹਿੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਰਦ ਹੋਵੇ ਜਾਂ ਔਰਤ ਅੱਜ ਘਰ ਤੋਂ ਬਾਹਰ ਨਿਕਲਣ ਸਮੇਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ, ਜਦੋਂਕਿ ਉਨ੍ਹਾਂ ਦੀ ਸਰਕਾਰ ਸਮੇਂ ਕਦੇ ਸੀਸੀਟੀਵੀ ਕੈਮਰਿਆਂ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੋ ਰਹੀ। ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਦੇ ਵਿਜੀਲੈਂਸ ਅੜਿੱਕੇ ਆਉਣ ਅਤੇ ਰਿਸ਼ਵਤ ਕਾਂਡ ਬਾਰੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਘਟਨਾ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੁੱਧ ਨਾਕਾਮੀ ਦਾ ਤੀਸਰਾ ਸਬੂਤ ਹੈ, ਕਿਉਂਕਿ ਇਸ ਤੋਂ ਪਹਿਲਾ ਮਾਨਸਾ ਤੋਂ ਵਿਧਾਇਕ ‘ਤੇ ਮੰਤਰੀ ਵਿਜੈ ਸਿੰਗਲਾ ‘ਤੇ ਫੇਰ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਈਰਲ ਆਡੀਓ ਵੀ ਚਰਚਾ ਵਿਚ ਆ ਚੁੱਕੀ ਹੈ। ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਬਾਜ਼ੀ ਵਿਚ ਰੁੱਝੀ ਹੋਈ ਹੈ। ਇਸ ਸਰਕਾਰ ਦੌਰਾਨ ਇਸ਼ਤਿਹਾਰਬਾਜ਼ੀ ਦਾ ਬਜਟ 20 ਕਰੋੜ ਤੋਂ ਵੱਧ ਕੇ 700 ਕਰੋੜ ਹੋ ਗਿਆ ਹੈ ਅਤੇ ਦਿੱਲੀ, ਮੁੰਬਈ ਆਦਿ ਸ਼ਹਿਰਾਂ ਦੇ ਏਅਰਪੋਰਟਾਂ ‘ਤੇ ਵੀ ਸਰਕਾਰ ਦੀ ਐਡ ਚੱਲ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਸੰਗਤ ਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਤੋਂ ਬਾਅਦ ਕਾਂਗਰਸ ਦੇ 2 ਮੁੱਖ-ਮੰਤਰੀਆਂ ਵਾਲੀ ਅਤੇ ਹੁਣ ਆਪ ਦੀ ਕਰੀਬ 11 ਮਹੀਨਿਆਂ ਦੀ ਸਰਕਾਰ ਦੇਖ ਲਈ ਹੈ ਇਸ ਦੌਰਾਨ ਲੋਕ ਫੈਸਲਾ ਕਰਨ ਕਿ ਕਿਹੜੀ ਸਰਕਾਰ ‘ਤੇ ਮੁੱਖ-ਮੰਤਰੀ ਲੋਕਾਂ ਵਿਚ ਰਹਿੰਦੇ ਸਨ। ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਇੱਕ ਵੱਡੀ ਸਮੱਸਿਆ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਨਸ਼ੇ ਦੇ ਮੁੱਦੇ ‘ਤੇ ਬਦਨਾਮ ਕੀਤਾ ਗਿਆ, ਪਰ ਜੇਕਰ ਉਨ੍ਹਾਂ ਦੀ ਪਾਰਟੀ ਦੋਸ਼ੀ ਸੀ ਤਾਂ ਉਨ੍ਹਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਗਿਆ। ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਸੀ ‘ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਉਹ ਖੁੱਦ ਸਾਂਸਦ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਕੋਲ 40 ਗੰਨਮੈਨ ਨਹੀਂ ਸੀ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਦੇ ਇਕੱਠ ਨੂੰ ਦੇਖਦਿਆਂ ਮੀਡੀਆਕਰਮੀਆਂ ਨੂੰ ਪਾਸੇ ਹੋਕੇ ਖੜ੍ਹਨ ਲਈ ਕਿਹਾ ਤਾਂ ਕਿ ੳੇਹ ਲੋਕਾਂ ਨੂੰ ਦੇਖ ਸਕਣ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨਾ ਹੋਣ ਕਾਰਨ ਉਨ੍ਹਾਂ ਕੋਲ ਸੀਮਤ ਸਾਧਨ ਹਨ, ਪਰ ਜਿੰਨ੍ਹਾਂ ਵੀ ਫੰਡ ਹੈ ਉਹ ਲੋਕ-ਭਲਾਈ ਵਿਚ ਲਗਾਉਣਗੇ। ਉਨ੍ਹਾਂ ਤੋਂ ਪਹਿਲਾਂ ਬੋਲਦਿਆਂ ਕਮਲਾ ਨਹਿਰੂ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਇੰਜ ਬਲਵਿੰਦਰ ਸਿੰਘ ਨੇ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾਂ ਖਾਸ ਕਰ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਕਮਿਊਨਿਟੀ ਹਾਲ ਬਣਵਾਉਣ ਦਾ ਜ਼ਿਕਰ ਕੀਤਾ। ਜਿਸ ਬਾਰੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਲੋਕ ਇੱਕ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣ ਇਹ ਸਭ ਕੰਮ ਤਾਂ ਖੱਬੇ ਹੱਥ ਨਾਲ ਹੋ ਜਾਇਆ ਕਰਨਗੇ। ਇਸ ਮੌਕੇ ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਐਮਸੀ ਸ਼ੈਰੀ ਗੋਇਲ, ਕਮਲਾ ਨਹਿਰੂ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਇੰਜ ਬਲਵਿੰਦਰ ਸਿੰਘ, ਸਕੱਤਰ ਜਰਨੈਲ ਸਿੰਘ ਅਤੇ ਹੋਰ ਪੱਤਵੰਤੇ ਸੱਜਣ ਮੌਜੂਦ ਸਨ।