ਗਰਮੀਆਂ ਦੀ ਰੁੱਤ ਵਿੱਚ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਕਿੱਲਤ

  • ਕੋਟਕਪੂਰਾ ਰਜਬਾਹੇ ਤੇ 27.44 ਲੱਖ ਰੁਪਏ ਦੇ ਕਰਾਸ ਰੈਗੂਲੇਟਰ ਪ੍ਰਾਜੈਕਟ ਦਾ ਕੀਤਾ ਉਦਘਾਟਨ

ਕੋਟਕਪੂਰਾ 19 ਫ਼ਰਵਰੀ : ਗਰਮੀਆਂ ਦੇ ਦਿਨਾਂ ਵਿੱਚ ਆਮ ਤੌਰ ਤੇ ਪਾਣੀ ਦੀ ਕਿੱਲਤ ਆ ਜਾਣ ਕਾਰਨ ਅੱਜ ਕੱਲ ਧਰਤੀ ਦੇ ਕਈ ਹਿੱਸਿਆਂ ਤੇ ਲੋਕਾਂ ਨੂੰ ਕਾਫੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਇਸ ਵਾਰ ਆਉਣ ਵਾਲੀਆਂ ਗਰਮੀਆਂ ਵਿੱਚ ਕੋਟਕਪੂਰਾ ਵਾਸੀਆਂ ਨੂੰ ਇਹ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜੈਤੋ ਰੋਡ, ਸੂਏ ਦੇ ਨਾਲ ਨਜ਼ਦੀਕ ਕੋਠੇ ਬੁੱਕਣ ਸਿੰਘ ਵਾਲਾ ਵਿਖੇ 27.44 ਲੱਖ ਦੇ ਨਾਲ ਕਰਾਸ ਰੈਗੂਲੇਟਰ (ਗੇਟ) ਪ੍ਰਾਜੈਕਟ ਦਾ ਨੀਂਹ ਪੱਧਰ ਰੱਖਿਆ।  ਉਹਨਾਂ ਦੱਸਿਆ ਕਿ ਇਸ ਗੇਟ ਨਾਲ ਪਾਣੀ ਦੀ ਲਗਾਤਾਰਤਾ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਮੁਹੱਈਆ ਹੁੰਦੀ ਰਹੇਗੀ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਨਿਰਵਿਘਨਤਾ ਦੇ ਕਾਰਨ ਹੁਣ ਲੋਕਾਂ ਨੂੰ ਪਾਣੀ ਦੇ ਬੇਲੋੜੇ ਇਸਤੇਮਾਲ ਵਿੱਚ ਇਜ਼ਾਫਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪਾਣੀ ਦੀ ਲਗਾਤਾਰ ਹੁੰਦੀ ਜਾ ਰਹੀ ਕਮੀ ਦੇ ਮੱਦੇਨਜ਼ਰ ਆਪਾਂ ਸਾਰਿਆਂ ਨੂੰ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਐਕਸੀਅਨ ਸਿੰਜਾਈ ਵਿਭਾਗ ਸ੍ਰੀ ਜਿਗਨੇਸ਼ ਗੋਇਲ ਨੇ ਦੱਸਿਆ ਕਿ ਕੋਟਕਪੂਰਾ ਰਜਬਾਹਾ ਵਿੱਚ 146 ਕਿਊਸਿਕ ਪਾਣੀ ਦਾ ਵਹਾਅ ਹੈ ਜਿਸ ਦੇ ਵਿੱਚੋਂ ਢਾਈ ਕਿਊਸਿਕ ਪੀਣ ਯੋਗ ਪਾਣੀ ਕੋਟਕਪੂਰਾ ਇਲਾਕੇ ਨੂੰ ਮੁਹੱਈਆ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕੋਟਕਪੂਰਾ ਵਾਸੀਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਨਿਰਵਿਘਨ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਮਿਕਦਾਰ 2.3 ਕਿਊਸਿਕ ਸੀ ਜੋ ਕਿ ਤਿੰਨ ਦਹਾਕਿਆਂ ਪਹਿਲਾਂ ਵਧਾ ਕੇ 2.5 ਕਿਊਸਿਕ ਕੀਤੀ ਗਈ ਹੈ।