ਲੇਖਕ ਗੁਰਿੰਦਰ ਕਲਸੀ ਦੁਆਰਾ ਲਿਖੇ ਨਾਟਕ ਖ਼ਾਲਸਾ ਪੰਥ ਦੀ ਸ਼ਾਨ ਜੱਸਾ ਸਿੰਘ ਰਾਮਗੜ੍ਹੀਆ ਦੀ ਘੁੰਢ ਚੁਕਾਈ

ਰੂਪਨਗਰ :ਮੋਰਿੰਡਾ ਨਿਵਾਸੀ ਲੇਖਕ ਸ. ਗੁਰਿੰਦਰ ਸਿੰਘ ਕਲਸੀ ਦੁਆਰਾ ਲਿਖੇ ਗਏ  ਨਾਟਕ ਦੀ ਕਿਤਾਬ ਖ਼ਾਲਸਾ ਪੰਥ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਅਤੇ  ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਵੱਲੋਂ  ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਗੁਰਿੰਦਰ ਸਿੰਘ ਕਲਸੀ ਨੇ ਦੱਸਿਆਂ ਕਿ ਇਸ ਨਾਟਕ ਦੇ ਖਰੜੇ ਨੂੰ ਸਾਲ 2006 ਵਿਚ ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ. ਜ਼ੈਡ. ਸੀ. ਸੀ.) ਵੱਲੋਂ ਪੁਰਸਕਾਰਿਤ ਕੀਤਾ ਗਿਆ ਹੈ ਅਤੇ ਹੁਣ ਇਹ ਕਿਤਾਬੀ ਰੂਪ ਵਿਚ ਪਾਠਕਾਂ ਨੂੰ ਅਰਪਿਤ ਕੀਤਾ ਗਿਆ ਹੈ। ਇਸ ਕਿਤਾਬ ਦੀ ਘੁੰਢ ਚੁਕਾਈ ਮੌਕੇ ਪੰਜਾਬ ਕਲਾ ਪਰਿਸ਼ਦ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਸ. ਪਰਮਿੰਦਰ ਸੋਢੀ (ਜਪਾਨ ਤੋਂ ਪੰਜਾਬੀ ਕਵੀ) ਨਾਲ ਸਾਹਿਤਕ ਸੰਵਾਦ ਰਚਾਇਆ ਗਿਆ ਜੋ ਕਿ ਬਹੁਤ ਕਾਵਿਕ, ਭਾਵਪੂਰਤ ਅਤੇ ਸਾਰਥਕ ਹੋ ਨਿੱਬੜਿਆਂ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ, ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ.  ਯੋਗ ਰਾਜ, ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਸ਼੍ਰੀ ਨਿੰਦਰ ਘੁਗਿਆਣਵੀ, ਡਾ. ਜਗਦੀਸ਼ ਕੌਰ, ਸ਼੍ਰੀ ਜੰਗ ਬਹਾਦਰ ਗੋਇਲ, ਸ.ਅਵਤਾਰ ਸਿੰਘ ਪਤੰਗ, ਪ੍ਰੋ.ਰੌਣਕੀ ਰਾਮ, ਸ਼੍ਰੀ ਬਲਕਾਰ ਸਿੱਧੂ ਅਤੇ ਸ਼੍ਰੀਮਤੀ ਰਜਿੰਦਰ ਕੌਰ ਸਮੇਤ ਅਨੇਕ ਲੇਖਕ ਅਤੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਸ਼ਾਮਿਲ ਹੋਏ।