ਕੇਜਰੀਵਾਲ ਨੇ ਤਾਂ ਗਰੰਟੀ ਸ਼ਬਦ ਦਾ ਵੀ ਨਿਰਾਦਰ ਕੀਤਾ : ਬਾਵਾ

  • ਬਾਜਵਾ, ਵੜਿੰਗ, ਕੋਟਲੀ ਨਾਲ ਚੋਣ ਪ੍ਰਚਾਰ 'ਚ ਸ਼ਾਮਲ ਹੋਏ ਬਾਵਾ
  • ਕਿਹਾ- ਕਾਂਗਰਸ ਦੀ ਜਿੱਤ ਬਲੈਕ ਬੋਰਡ 'ਤੇ ਲਿਖਿਆ ਸੱਚ
  • ਰਾਜ ਗਰੇਵਾਲ ਅਮਰੀਕਾ ਕਾਂਗਰਸ ਵੱਲੋਂ ਪ੍ਰਚਾਰ 'ਚ ਹੋਏ ਸ਼ਾਮਲ

ਲੁਧਿਆਣਾ, 28 ਅਪ੍ਰੈਲ : ਅੱਜ ਜ਼ਿਮਨੀ ਚੋਣ ਵਿਚ ਫਿਲੌਰ ਅਤੇ ਆਦਮਪੁਰ ਆਦਿ ਹਲਕਿਆਂ ਵਿਖੇ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਨਾਲ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜਾਂ ਐਲਾਨ ਨਹੀਂ ਕੀਤਾ ਸੀ ਬਲਕਿ ਗਰੰਟੀ ਦਿੱਤੀ ਸੀ। ਹੁਣ ਤਾਂ ਪੰਜਾਬ ਦੇ ਲੋਕ ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਗਰੰਟੀ 'ਤੇ ਵਿਸ਼ਵਾਸ ਨਹੀਂ ਕਰਦੇ ਸਗੋਂ ਕਹਿੰਦੇ ਨੇ ਕਿ ਤੇਰੀ ਗਰੰਟੀ ਵੀ ਕੇਜਰੀਵਾਲ ਵਰਗੀ ਹੋਊ। ਉਹਨਾਂ ਕਿਹਾ ਕਿ ਜਦੋਂ ਸੂਬੇ ਦੇ ਲੋਕਾਂ ਦਾ ਸੱਤਾਧਾਰੀ ਪਾਰਟੀ ਦੇ ਲੋਕਾਂ ਤੋਂ ਭਰੋਸਾ ਉੱਠ ਜਾਵੇ ਤਾਂ ਕੀ ਹੁੰਦਾ ਹੈ। ਇਹ ਦੁਆਬੇ ਦੇ ਸੂਝਵਾਨ ਵੋਟਰ ਜਾਣਦੇ ਹਨ ਕਿ 10 ਮਈ ਨੂੰ ਕਿਸ ਤਰ੍ਹਾਂ ਸਬਕ ਸਿਖਾਉਣਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਤਾਂ ਗਰੰਟੀ ਸ਼ਬਦ ਦਾ ਵੀ ਨਿਰਾਦਰ ਕੀਤਾ ਹੈ। ਇਸ ਸਮੇਂ ਅਮਰੀਕਾ ਕਾਂਗਰਸ ਵੱਲੋਂ ਰਾਜ ਸਿੰਘ ਗਰੇਵਾਲ ਚੋਣ ਪ੍ਰਚਾਰ 'ਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਦੀ ਜਿੱਤ ਬਲੈਕ ਬੋਰਡ 'ਤੇ ਲਿਖਿਆ ਸੱਚ ਹੈ ਜੋ ਵਿਰੋਧੀ ਪਾਰਟੀਆਂ 13 ਤਰੀਕ ਸਵੇਰੇ 8 ਵਜੇ ਪੜ੍ਹ ਲੈਣ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ ਅਤੇ ਭਾਜਪਾ ਨੇ ਜੋ ਪੰਜਾਬ ਨਾਲ ਕੀਤਾ ਉਹ ਪੰਜਾਬੀ ਭੁੱਲੇ ਨਹੀਂ। ਪੰਜਾਬੀਆਂ ਦੀ ਯਾਦਦਾਸ਼ਤ ਐਨੀ ਕਮਜ਼ੋਰ ਨਹੀਂ ਜੋ ਜਿੰਨੀ ਭਾਜਪਾ ਦੇ ਲੋਕ ਸਮਝਦੇ ਹਨ।